ਮਾਨਸਾ, 20 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਪਰਾਲੀ ਪ੍ਰਬੰਧਨ ਸਬੰਧੀ ਪਿੰਡ ਹੀਰੋ ਕਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਸ੍ਰ. ਹਰਵਿੰਦਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਜ਼ਮੀਨ ਦੀ ਸਿਹਤ ਖਰਾਬ ਹੁੰਦੀ ਹੈੈ ਉੱਥੇ ਜਮੀਨ ਵਿੱਚ ਮੌਜੂਦ ਸੂਖਮ ਜੀਵ ਵੀ ਮਰ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ’ਤੇ ਮਹੁੱਈਆ ਕਰਵਾਈ ਜਾਂਦੀ ਮਸ਼ੀਨਰੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵਰਤੋਂ ਨੂੰ ਅਸਾਨ ਬਣਾਉਣ ਲਈ ਮਾਨਸਾ ਜ਼ਿਲ੍ਹੇ ਵਿੱਚ ਖੇਤੀ ਮਸ਼ੀਨਰੀ ਦੀ ਮੈਪਿੰਗ ਕੀਤੀ ਗਈ ਹੈ, ਇਸ ਤੋਂ ਕਿਸਾਨ ਪਤਾ ਲਾ ਕੇ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਢੁੱਕਵੀ ਮਸ਼ੀਨ ਨਾਲ ਕਰਵਾ ਸਕਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਛੋਟੇ ਵਰਗ ਦੇ ਕਿਸਾਨਾਂ ਨੂੰ ਸਹਿਕਾਰੀ ਸਭਾ ਵੱਲੋਂ ਖੇਤੀ ਸੰਦ ਮੁਫ਼ਤ ਦਿੱਤੇ ਜਾਣਗੇ ਅਤੇ ਸਭਾ ਦਾ ਟਰੈਕਟਰ ਸਿਰਫ ਤੇਲ ਉੱਪਰ 05 ਏਕੜ ਤੋਂ ਘੱਟ ਕਿਸਾਨਾਂ ਲਈ ਕਿਰਾਏ ’ਤੇ ਦਿੱਤਾ ਜਾਵੇਗਾ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਵਾਢੀ ਸੁਪਰ ਐਸ.ਐਮ.ਐਸ ਵਾਲੀਆਂ ਕੰਬਾਇਨਾਂ ਨਾਲ ਕਰਨ ਦੀ ਅਪੀਲ ਕੀਤੀ ਤਾਂ ਜੋ ਝੋਨੇ ਦੇ ਫੂਸ ਨੂੰ ਵੀ ਅੱਗ ਲਗਾਉਣ ਦੀ ਲੋੜ ਨਾ ਪਵੇ।
ਇਸ ਦੌਰਾਨ ਸ੍ਰੀ ਅਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਬਲਾਕ ਭੀਖੀ ਨੇ ਦੱਸਿਆ ਕਿ ਪਾਣੀ, ਹਵਾ ਤੇ ਸ਼ੁੱਧ ਵਾਤਾਵਰਨ ਸਾਡੇ ਜੀਵਨ ਅਤੇ ਆਉਣ ਵਾਲੀ ਪੀੜ੍ਹੀ ਲਈ ਅਨਮੋਲ ਹਨ, ਜਿਸ ਲਈ ਸਾਨੂੰ ਹੁਣ ਤੋਂ ਹੀ ਸੁਚੇਤ ਹੋਣ ਦੀ ਸਖ਼ਤ ਲੋੜ ਹੈ।। ਉਨਾਂ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ ਦੇ ਜਲਦ ਯੋਗ ਨਿਪਟਾਰੇ ਦਾ ਭਰੋਸਾ ਦਿੱਤਾ।
ਇਸ ਮੌਕੇ ਸ੍ਰੀ ਰਾਜਾ ਸਿੰਘ, ਬੀ.ਡੀ.ਪੀ.ਓ ਮਾਨਸਾ, ਨਰਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਗੁਰਜੀਤ ਸਿੰਘ ਏ.ਟੀ.ਐਮ, ਮਨੋਜ਼ ਕੁਮਾਰ ਖੇਤੀਬਾੜੀ ਉਪ ਨਿਰੀਖਕ ਤੋਂ ਇਲਾਵਾ ਸਹਿਕਾਰੀ ਸਭਾ ਦੇ ਮੈਂਬਰ ਵੀ ਮੋਜੂਦ ਸਨ।