
ਚੰਡੀਗੜ੍ਹ, 7 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ) : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸਨਮਾਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਓਲੰਪਿਕ ਤਮਗ਼ਾ ਜੇਤੂ ਹਾਕੀ ਖਿਡਾਰੀਆਂ ਨੂੰ ਦਰਜਾ ਇਕ ਦੀਆਂ ਨੌਕਰੀਆਂ ਦੇ ਨਿਯੁਕਤੀਆਂ ਪੱਤਰ ਸੌਂਪਣਗੇ।
ਮੀਤ ਹੇਅਰ ਨੇ ਕਿਹਾ ਕਿ ਭਗਵੰਨ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਬਣਾਉਣ ਲਈ ਕੋਈ ਕਸਰ ਨਹੀਂ ਬਾਕੀ ਛੱਡੇਗੀ ਅਤੇ ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਸੂਬਾ ਪੰਜਾਬ ਇਸ ਖੇਡ ਵਿੱਚ ਦੇਸ਼ ਦੀ ਅਗਵਾਈ ਕਰੇਗਾ। ਉਨ੍ਹਾਂ ਸੂਬੇ ਵਿੱਚ ਹਾਕੀ ਖੇਡ ਨੂੰ ਹੋਰ ਪ੍ਰ੍ਰਫੁੱਲਿਤ ਕਰਨ ਲਈ ਖਿਡਾਰੀਆਂ ਦੇ ਸੁਝਾਅ ਵੀ ਮੰਗੇ। ਹਾਕੀ ਖੇਡ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਸੂਬੇ ਵਿੱਚ ਹਾਕੀ ਲੀਗ ਸ਼ੁਰੂ ਕਰਨ ਬਾਰੇ ਵੀ ਵਿਚਾਰਾਂ ਕੀਤੀਆਂ।
ਮੀਤ ਹੇਅਰ ਨੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਟੀਮ ਵਿੱਚ ਕਪਤਾਨ ਸਮੇਤ ਸੂਬੇ ਦੇ 10 ਖਿਡਾਰੀ ਹਨ। ਖਿਡਾਰੀਆਂ ਨੂੰ ਇਸ ਸਾਲ ਹੋਣ ਵਾਲੀਆਂ ਏਸ਼ਿਆਈ ਖੇਡਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਵਿਸ਼ਵ ਕੱਪ ਵਿੱਚ ਨਤੀਜੇ ਆਸ ਅਨੁਸਾਰ ਨਾ ਆਉਣ ‘ਤੇ ਉਨ੍ਹਾਂ ਖਿਡਾਰੀਆਂ ਨੂੰ ਹਿੰਮਤ ਨਾ ਹਾਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਜਿੱਤ-ਹਾਰ ਖੇਡ ਦਾ ਹਿੱਸਾ ਹੈ।
ਖੇਡ ਮੰਤਰੀ ਨੇ ਭਾਰਤੀ ਹਾਕੀ ਖਿਡਾਰੀਆਂ ਨਾਲ ਗੱਲ ਕਰਦਿਆਂ ਕਿਹਾ, ”ਤੁਸੀਂ ਸਾਡਾ ਮਾਣ ਹੋ ਅਤੇ ਨੌਜਵਾਨਾਂ ਦੇ ਰੋਲ ਮਾਡਲ ਹੋ, ਇਸ ਲਈ ਤੁਹਾਡਾ ਸਾਡੇ ਨੌਜਵਾਨ ਖਿਡਾਰੀਆਂ ਉਤੇ ਬਹੁਤ ਪ੍ਰਭਾਵ ਹੈ ਜਿਸ ਕਰਕੇ ਤੁਸੀਂ ਆਪੋ-ਆਪਣੇ ਖੇਤਰਾਂ ਵਿੱਚ ਨਵੀਂ ਉਮਰ ਦੇ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਵੋਂ। ਤੁਹਾਡੀ ਹੌਸਲਾ ਅਫਜ਼ਾਈ ਬੱਚਿਆਂ ਲਈ ਉਤਸ਼ਾਹ ਦਾ ਕੰਮ ਕਰੇਗੀ।”

ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਖੇਡ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਮੁਕਾਬਲਿਆਂ ਵਿੱਚ ਦੇਸ਼ ਤੇ ਸੂਬੇ ਦਾ ਨਾਮ ਰੌਸ਼ਨ ਕਰਨ ਅਤੇ ਆਪਣਾ ਪ੍ਰਦਰਸ਼ਨ ਹੋਰ ਬਿਹਤਰ ਕਰਨ ਲਈ ਜੀਅ ਤੋੜ ਯਤਨ ਕਰਨਗੇ। ਟੀਮ ਦੇ ਮਿਡਫੀਲਡਰ ਅਤੇ ਓਲੰਪਿਕ ਖੇਡਾਂ ਵਿੱਚ ਭਾਰਤ ਦੇ ਕਪਤਾਨ ਰਹੇ ਮਨਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਉਤੇ ਧੰਨਵਾਦ ਕੀਤਾ।
ਖੇਡ ਮੰਤਰੀ ਵੱਲੋਂ ਭਾਰਤੀ ਹਾਕੀ ਟੀਮ ਦਾ ਹਿੱਸਾ ਪੰਜਾਬੀ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ, ਅਕਾਸ਼ਦੀਪ ਸਿੰਘ, ਵਰੁਣ ਕੁਮਾਰ, ਸ਼ਮਸ਼ੇਰ ਸਿੰਘ, ਕ੍ਰਿਸ਼ਨ ਪਾਠਕ, ਸੁਖਜੀਤ ਸਿੰਘ ਸ਼ਾਮਲ ਸਨ। ਇਸ ਮੌਕੇ ਓਲੰਪਿਕ ਤਮਗ਼ਾ ਜਿੱਤਣ ਵਾਲੇ ਖਿਡਾਰੀਆਂ ਰੁਪਿੰਦਰ ਪਾਲ ਸਿੰਘ, ਦਿਲਪ੍ਰੀਤ ਸਿੰਘ ਤੇ ਸਿਮਰਨਜੀਤ ਸਿੰਘ ਦਾ ਵੀ ਸਨਮਾਨ ਕੀਤਾ ਗਿਆ।
ਹਾਕੀ ਖਿਡਾਰੀਆਂ ਵੱਲੋਂ ਖੇਡ ਮੰਤਰੀ ਨੂੰ ਆਪਣੇ ਆਟੋਗ੍ਰਾਫ ਵਾਲੀ ਟੀ ਸ਼ਰਟ ਤੇ ਹਾਕੀ ਸਟਿੱਕ ਭੇਂਟ ਕੀਤੀ ਗਈ।ਇਸ ਮੌਕੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਅਮਿਤ ਤਲਵਾੜ ਵੀ ਹਾਜ਼ਰ ਸਨ।
