ਚੰਡੀਗੜ੍ਹ, 30 ਅਪਰੈਲ (ਸਾਰਾ ਯਹਾਂ/ ਮੁੱਖ ਸੰਪਾਦਕ): ਪੰਜਾਬ ਸਰਕਾਰ ਸੂਬੇ ਵਿੱਚ ਰਗਬੀ ਖੇਡ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਉਪਰਾਲੇ ਕਰੇਗੀ ਅਤੇ ਇਸ ਦਿਸ਼ਾ ਵਿੱਚ ਸਭ ਤੋਂ ਪਹਿਲਾਂ ਕਦਮ ਚੁੱਕਦਿਆਂ ਇਸ ਸਾਲ ਕਰਵਾਈਆਂ ਜਾਣ ਵਾਲੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਰਗਬੀ ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਇੰਡੀਅਨ ਰਗਬੀ ਫੁਟਬਾਲ ਯੂਨੀਅਨ ਦੇ ਪ੍ਰਧਾਨ ਰਾਹੁਲ ਬੋਸ ਨਾਲ ਕੀਤੀ ਮੀਟਿੰਗ ਦੌਰਾਨ ਕਹੀ।
ਰਾਹੁਲ ਬੋਸ ਜੋ ਸਾਬਕਾ ਕੌਮਾਂਤਰੀ ਰਗਬੀ ਖਿਡਾਰੀ ਤੇ ਫ਼ਿਲਮੀ ਅਦਾਕਾਰ/ਨਿਰਦੇਸ਼ਕ ਹਨ, ਨਾਲ ਰਗਬੀ ਖੇਡ ਨੂੰ ਪੰਜਾਬ ਵਿੱਚ ਉਤਸ਼ਾਹਤ ਕਰਨ ਲਈ ਕੀਤੀਆਂ ਵਿਚਾਰਾਂ ਦੌਰਾਨ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਮੁੜ ਖੇਡ ਸੱਭਿਆਚਾਰ ਪੈਦਾ ਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ। ਪਹਿਲੀ ਵਾਰ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ 30 ਖੇਡਾਂ ਦੇ ਮੁਕਾਬਲੇ ਕਰਵਾਏ ਗਏ ਅਤੇ 3 ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਾਰ ਰਗਬੀ ਖੇਡ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਮੀਤ ਹੇਅਰ ਨੇ ਕਿਹਾ ਕਿ ਰਗਬੀ ਖੇਡ ਅਥਲੈਟਿਕਸ, ਕਬੱਡੀ, ਫ਼ੁਟਬਾਲ ਤੇ ਹੈਂਡਬਾਲ ਖੇਡ ਦੇ ਸੁਮੇਲ ਵਾਲੀ ਹੈ ਜਿਹੜੀ ਕਿ ਪੰਜਾਬੀਆਂ ਦੇ ਸੁਭਾਅ ਦੇ ਅਨੁਕੂਲ ਹੈ। ਇਸ ਖੇਡ ਵਿੱਚ ਪੰਜਾਬੀਆਂ ਦੇ ਬਿਹਤਰ ਪ੍ਰਦਰਸ਼ਨ ਕਰਨ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਰਗਬੀ ਸੈਵਨ ਇਸ ਖੇਡ ਦਾ ਛੋਟਾ ਰੂਪ ਹੈ ਜੋ ਓਲੰਪਿਕ/ਏਸ਼ਿਆਈ/ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਮਲ ਹੈ, ਇਸ ਲਈ ਖੇਡ ਦੇ ਇਸ ਰੂਪ ਨੂੰ ਪੰਜਾਬ ਵਿੱਚ ਮਕਬੂਲ ਕਰਨ ਲਈ ਉਪਰਾਲੇ ਕੀਤੇ ਜਾਣਗੇ।
ਰਾਹੁਲ ਬੋਸ ਨੇ ਰਗਬੀ ਖੇਡ ਬਾਰੇ ਮੀਤ ਹੇਅਰ ਨੂੰ ਇਕ ਪਾਵਰ ਪੁਆਇੰਟ ਪੇਸ਼ਕਾਰੀ ਵੀ ਦਿਖਾਈ। ਵਿਸ਼ਵ ਵਿੱਚ ਫ਼ੁਟਬਾਲ, ਬਾਸਕਟਬਾਲ ਆਦਿ ਖੇਡਾਂ ਵਾਂਗ ਮਕਬੂਲ ਰਗਬੀ ਖੇਡ ਬਾਰੇ ਜਾਣਕਾਰੀ ਦਿੰਦਿਆਂ ਰਾਹੁਲ ਬੋਸ ਨੇ ਕਿਹਾ ਕਿ ਬਹੁਤ ਤੇਜ਼ੀ ਨਾਲ ਇਸ ਖੇਡ ਦਾ ਦਾਇਰਾ ਵੱਧ ਰਿਹਾ ਹੈ ਅਤੇ ਓਲੰਪਿਕ/ਏਸ਼ਿਆਈ/ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਹੋਣ ਕਰਕੇ ਇਹ ਹੁਣ ਮੈਡਲ ਵਾਲੀ ਖੇਡ ਬਣ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਹ ਖੇਡ ਪਿਛਲੇ ਕੁਝ ਅਰਸੇ ਤੋਂ ਕਾਫ਼ੀ ਖੇਡੀ ਜਾਣ ਲੱਗੀ ਹੈ ਕਿਉਂਕਿ ਪੰਜਾਬ ਵਿੱਚ ਇਸ ਖੇਡ ਲਈ ਲੋੜੀਂਦੇ ਗੁਣ ਖਿਡਾਰੀਆਂ ਵਿੱਚ ਪਾਏ ਜਾਂਦੇ ਹਨ। ਪੰਜਾਬ ਦੇ ਖੇਡ ਮੰਤਰੀ ਦੀ ਮੰਗ ਉੱਤੇ ਰਾਹੁਲ ਬੋਸ ਨੇ ਜਲਦ ਹੀ ਸੂਬੇ ਵਿੱਚ ਰਗਬੀ ਸੈਵਨ ਦਾ ਇਨਵੀਟੇਸ਼ਨਲ ਟੂਰਨਾਮੈਂਟ ਕਰਵਾਉਣ ਦਾ ਐਲਾਨ ਵੀ ਕੀਤਾ।