ਮਾਨਸਾ 11 ਮਈ (ਸਾਰਾ ਯਹਾਂ/ ਮੁੱਖ ਸੰਪਾਦਕ ) ਸਿਹਤ ਵਿਭਾਗ ਮਾਨਸਾ ਵੱਲੋਂ ਵਿਸ਼ਵ ਥੈਲੇਸੀਮੀਆ ਜਾਗਰੂਕਤਾ ਹਫ਼ਤੇ (8 ਤੋਂ 14 ਮਈ) ਦੌਰਾਨ ਖੂਨਦਾਨ ਕੈਂਪ ਸਿਵਲ ਹਸਪਤਾਲ ਮਾਨਸਾ ਵਿਖੇ 12 ਮਈ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਰਣਜੀਤ ਸਿਘ ਰਾਏ ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਥੈਲੇਸੀਮੀਆ ਦੇ ਮਰੀਜ਼ਾਂ ਦੀ ਸਹਾਇਤਾ ਲਈ 12 ਮਈ ਤੋਂ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਤਾਂ ਜ਼ੋ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਸਮੇਂ ਸਿਰ ਖੂਨ ਦਿੱਤਾ ਜਾ ਸਕੇ।
ਉਹਨਾਂ ਦੱਸਿਆ ਕਿ ਖੂਨਦਾਨ ਕਰਨ ਲਈ ਬਲੱਡ ਬੈਂਕ ਸਿਵਲ ਹਸਪਤਾਲ ਮਾਨਸਾ ਵਿਖੇ ਰਜ਼ਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਸ ਵਾਰ ਜਾਗਰੂਕ ਰਹੋ, ਸਾਂਝ ਕਰੋ, ਸੰਭਾਲ ਕਰੋ ਥੀਮ ਦੇ ਤਹਿਤ ਲੋਕਾਂ ਨੂੰ ਥੈਲੇਸੀਮੀਆ ਰੋਗ ਤੋਂ ਜਾਣੂ ਕਰਵਾਉਣ ਹਿੱਤ ਵਿਸ਼ਵ ਥੈਲੇਸੀਮੀਆ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਥੈਲੇਸੀਮੀਆ ਇਕ ਜੈਨੇਟਿਕ ਰੋਗ ਹੈ। ਇਸ ਬੀਮਾਰੀ ਨਾਲ ਸਰੀਰ ਵਿੱਚ ਲਾਲ ਸੈੱਲ ਬਣਨ ਦੀ ਸ਼ਕਤੀ ਘੱਟ ਜਾਂਦੀ ਹੈ ਜਾਂ ਖਤਮ ਹੋ ਜਾਣ ਕਾਰਨ ਮਰੀਜ਼ ਨੂੰ ਉਮਰ ਭਰ ਹਰ 15 ਤੋਂ 20 ਦਿਨ ਬਾਅਦ ਖੂਨ ਚੜਾਉਣ ਦੀ ਲੋੜ ਪੈਂਦੀ ਹੈ।
ਸਿਵਲ ਸਰਜਨ ਮਾਨਸਾ ਨੇ ਕਿਹਾ ਕਿ ਆਉਣ ਵਾਲੀ ਪੀੜੀ ਨੂੰ ਬਚਾਉਣ ਲਈ ਗਰਭਵਤੀ ਔਰਤਾਂ ਨੂੰੂੰ ਖਾਸ ਤੌਰ ਤੇ ਪਹਿਲੀ ਤਿਮਾਹੀ ਵਿੱਚ, ਵਿਆਹਯੋਗ ਅਤੇ ਵਿਆਹੇ ਜ਼ੋੜਿਆਂ ਨੂੰੂ ਥੈਲੇਸੀਮੀਆ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ। ਇਹ ਟੈਸਟ ਜਿਲਾ ਹਸਪਤਾਲ ਵਿਖੇ ਕਰਵਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਥੈਲੇਸੀਮੀਆ ਮਰੀਜ਼ ਆਪਣਾ ਅਪੰਗਤਾ ਸਰਟੀਫਿਕੇਟ ਬਣਾਉਣ ਲਈ ਵੀ ਅਪਲਾਈ ਕਰ ਸਕਦਾ ਹੈ। ਥੈਲੇਸੀਮੀਆ ਤੋਂ ਪੀੜਤ ਮਰੀਜ਼ਾਂ ਲਈ ਟੈਸਟਿੰਗ ਤੇ ਕਾਊਂਸਲਿੰਗ ਬਲੱਡ ਕੁਲੈਕਸ਼ਨ ਸੈਂਟਰ ਅਤੇ ਟਰਾਂਸਪੋਰਟਸ਼ਨ ਤੋਂ ਇਲਾਵਾ ਇੰਟੀਗ੍ਰੇਟਿਡ ਕੇਅਰ ਫਾਰ ਹਿਮੋਗਲੋਬੀਨੋਪੈਥੀ ਐਂਡ ਹੀਮੋਫੀਲੀਆ ਵਿੱਚ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
ਉਨਾਂ ਦੱਸਿਆ ਕਿ ਹਰ ਥੈਲੇਸੀਮੀਆ ਮਰੀਜ਼ ਨੂੰ ਸਰਕਾਰੀ ਬਲੱਡ ਸੈਂਟਰ ਤੋਂ ਮੁਫ਼ਤ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਆਰ.ਬੀ.ਐਸ.ਕ(ਰਾਸਟਰੀ ਬਾਲ ਸੁਰੱਖਿਆ ਕਾਰਿਆਕ੍ਰਮ) ਅਧੀਨ ਆਂਗਣਵਾੜੀ ਸੈਂਟਰਾਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ 18 ਸਾਲ ਤੱਕ ਦੇ ਬੱਚਿਆਂ ਵਿੱਚ ਅਨੀਮੀਆ ਦੀ ਜਾਂਚ ਲਈ ਟੈਸਟ ਅਤੇ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਖੂਨਦਾਨ ਕਰਕੇ ਥੈਲੇਸੀਮੀਆ ਮਰੀਜ਼ਾਂ ਦੀ ਮਦਦ ਕੀਤੀ ਜਾਵੇ।