*ਖੁਦਕੁਸ਼ੀ ਪੀੜਤ ਪਰਿਵਾਰ ਦੀਆਂ 3 ਲੜਕੀਆਂ ਦੀ ਪੜ੍ਹਾਈ ਦਾ ਜ਼ਿੰਮਾ ਸਹਾਇਤਾ ਸੰਸਥਾ ਲੁਧਿਆਣਾ ਨੇ ਲਿਆ*

0
45

ਮਾਨਸਾ, 23 ਅਕਤੂਬਰ – (ਸਾਰਾ ਯਹਾਂ/ ਜੋਨੀ ਜਿੰਦਲ) ਪਿੰਡ ਕੋਟਲੀ ਵਿਖੇ ਖੁਦਕੁਸ਼ੀ ਪੀੜਤ ਪਰਿਵਾਰ ਦੀਆਂ 3 ਲੜਕੀਆਂ ਦੀ ਪੜ੍ਹਾਈ ਲਈ ਸਹਾਇਤਾ ਸੰਸਥਾ ਲੁਧਿਆਣਾ ਜ਼ਿੰਮਾ ਲਿਆ ਹੈ।  ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਸਾਬਕਾ ਸਰਪੰਚ ਨੇ ਦੱਸਿਆ ਕਿ ਸੰਸਥਾ ਦੇ ਸਰਪ੍ਰਸਤ ਡਾ: ਹਰਕੇਸ਼ ਸਿੰਘ ਸੰਧੂ ਅਤੇ ਪ੍ਰਧਾਨ ਡਾ: ਰਾਜਿੰਦਰ ਰਾਜੀ, ਰਿਟਾ: ਆਈ.ਏ.ਐਸ ਡਾ. ਕਰਮਜੀਤ ਸਿੰਘ ਸਰਾਂ ਦੀ ਅਗਵਾਈ ਵਿੱਚ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਜਾਰੀ ਕਰਵਾਉਣ ਲਈ ਉਪਰਾਲਾ ਵਿੱਢਿਆ ਗਿਆ ਹੈ ਜਿਸ ਦੇ ਤਹਿਤ ਜ਼ਿਲ੍ਹੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਅਤਿ ਲੋੜਵੰਦ ਪਰਿਵਾਰਾਂ ਦੇ ਸੈਂਕੜੇ ਬੱਚੇ ਪੜ੍ਹਾਈ ਲਈ ਚੁਣੇ ਹਨ । ਇਸੇ ਤਰ੍ਹਾਂ ਕੋਟਲੀ ਕਲਾਂ ਵਿਖੇ ਬੀਤੇ ਸਮੇਂ ਮੇਵਾ ਸਿੰਘ ਕਰਜ਼ੇ ਦੀ ਮਾਰ ਕਾਰਨ ਖੁਦਕੁਸ਼ੀ ਕਰ ਗਿਆ ਸੀ । ਪਰਿਵਾਰ ਵਿਚ ਪਤਨੀ ਤੋਂ ਇਲਾਵਾ 3 ਲੜਕੀਆਂ ਰਹਿ ਗਈਆਂ ਜਿਨ੍ਹਾਂ ਦੀ ਪੜ੍ਹਾਈ ਅੱਗੇ ਜਾਰੀ ਰੱਖਣਾ ਮੁਸ਼ਕਿਲ ਹੋ ਗਿਆ ਸੀ । ਸੰਸਥਾ ਵੱਲੋਂ ਲੜਕੀਆਂ ਦੀ ਪੜ੍ਹਾਈ ਅੱਗੇ ਜਾਰੀ ਰੱਖਣ ਲਈ ਤਿੰਨੋਂ ਲੜਕੀਆਂ ਦੀ ਪੜ੍ਹਾਈ ਦੀ ਫੀਸ, ਕਿਤਾਬਾਂ ਅਤੇ ਵਰਦੀ ਦੇ ਖਰਚ ਲਈ ਬਣਦੀ ਰਕਮ ਦਾ ਚੈੱਕ ਸਹਾਇਤਾ ਸੰਸਥਾ ਦੀ ਟੀਮ ਨੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਸੌਂਪਿਆ ਗਿਆ । ਇਸ ਮੌਕੇ ਲਛਮਣ ਸਿੰਘ ਸਾਬਕਾ ਸਰਪੰਚ, ਭੋਲਾ ਨਰਾਇਣ, ਗੁਰਮੀਤ ਸਿੰਘ ਭਾਈਦੇਸਾ, ਸਰਪੰਚ ਬਲਕਰਨ ਸਿੰਘ, ਭੋਲਾ ਸਿੰਘ ਅਤੇ ਸਹਾਇਤਾ ਸੰਸਥਾ ਦੀ ਟੀਮ ਮੈਂਬਰ ਗੋਪਾਲ ਅਕਲੀਆ ਆਦਿ ਮੈਬਰ ਹਾਜ਼ਰ ਸਨ ।

NO COMMENTS