
ਬੁਢਲਾਡਾ/ਮਾਨਸਾ, 01 ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਹਰ ਉਮਰ ਵਰਗ ਦੇ ਖਿਡਾਰੀਆਂ ਨੂੰ ਖੇਡਾਂ ਵਿਚ ਦਿਲਚਸਪੀ ਨਾਲ ਹਿੱਸਾ ਲੈ ਕੇ ਆਪਣੀ ਖੇਡ ਪ੍ਰਤਿਭਾ ਵਿਚ ਨਿਖਾਰ ਲਿਆਉਣਾ ਚਾਹੀਦਾ ਹੈ। ਜਿਹੜੇ ਖਿਡਾਰੀ ਮਿਹਨਤ ਤੇ ਦ੍ਰਿੜਤਾ ਨਾਲ ਖੇਡਾਂ ਪ੍ਰਤੀ ਆਪਣੇ ਜੀਵਨ ਨੂੰ ਸਮਰਪਿਤ ਕਰਦੇ ਹਨ ਉਹ ਯਕੀਨੀ ਤੌਰ ’ਤੇ ਕੌਮੀ ਅਤੇ ਬਹੁਕੌਮੀ ਪੱਧਰ ’ਤੇ ਪ੍ਰਾਪਤੀਆਂ ਦਰਜ ਕਰਨ ਦੇ ਸਮਰੱਥ ਬਣਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਹਲਕਾ ਵਿਧਾਇਕ ਬੁਢਲਾਡਾ ਸ੍ਰੀ ਬੁੱਧ ਰਾਮ ਨੇ ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਦੀ ਰਸਮੀ ਸ਼ੁਰੂਆਤ ਕਰਵਾਉਂਦਿਆਂ ਕੀਤਾ।
ਵਿਧਾਇਕ ਸ੍ਰੀ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਨਵੀਂ ਖੇਡ ਨੀਤੀ ਲੈ ਕੇ ਆਵੇਗੀ, ਜਿਸ ਨਾਲ ਖਿਡਾਰੀਆਂ ਦੇ ਮਾਣ ਸਨਮਾਨ ਵਿਚ ਹੋਰ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਹੋਣ ਵਾਲੇ ਖੇਡ ਮੁਕਾਬਲਿਆਂ ਦੌਰਾਨ ਸੂਬਾ ਪੱਧਰੀ ਜੇਤੂਆਂ ਨੂੰ 6 ਕਰੋੜ ਰੁਪਏ ਦੀ ਰਾਸ਼ੀ ਦੇ ਨਗਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਅਨੁਸ਼ਾਸਨ ਅਤੇ ਆਪਣੀ ਖੇਡ ਪ੍ਰਤੀ ਸਮਰਪਿਤ ਰਹਿ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ ਜ਼ਿਲ੍ਹਾ ਮਾਨਸਾ ਵਿਖੇ 07 ਸਤੰਬਰ ਤੱਕ 5 ਬਲਾਂਕਾਂ ਵਿੱਚ ਬਲਾਕ ਪੱਧਰੀ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਇਸ ਟੂਰਨਾਮੈਂਟ ਵਿੱਚ ਅਥਲੈਟਿਕਸ, ਵਾਲੀਬਾਲ ਖੇਡ ਮੁਕਾਬਲਾ ਅੰਡਰ 14, 17, 21-40, 41-50 ਅਤੇ 51-60 ਉਮਰ ਵਰਗ ਵਿਚ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਗੇਮ ਫੁਟਬਾਲ, ਖੋਹ-ਖੋਹ, ਕਬੱਡੀ (ਸਰਕਲ ਅਤੇ ਨੈਸ਼ਨਲ ਸਟਾਇਲ), ਰੱਸਾ ਕੱਸੀ (ਅੰਡਰ 14, 17, 21, 21-40 ਲੜਕੇ ਲੜਕੀਆਂ ਉਮਰ ਵਰਗ ਵਿਚ) ਕਰਵਾਇਆ ਜਾਵੇਗਾ।
ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸ੍ਰੀ ਪ੍ਰਮੋਦ ਸਿੰਗਲਾ (ਪੀ.ਸੀ.ਐਸ.) ਸਮੇਤ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ
