
ਮਾਨਸਾ 28 ਜੁਲਾਈ:(ਸਾਰਾ ਯਹਾਂ/ਬੀਰਬਲ ਧਾਲੀਵਾਲ):
ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਖਾਲਸਾ ਹਾਈ ਸਕੂਲ ਮਾਨਸਾ ਵਿਖੇ ‘ਇਕ ਜਿੰਦਗੀ, ਇਕ ਜਿਗਰ’ ਵਿਸ਼ੇ ਅਧੀਨ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ।

ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦਿਆਂ ਜਿਲ੍ਹਾ ਐਪੀਡੀਮੋਲੋਜਿਸਟ ਡਾ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਹੈਪੇਟਾਈਟਸ ਦਿਵਸ ਹਰ ਸਾਲ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੀ ਅਗਵਾਈ ਵਿਚ ਇਸ ਸਾਲ ਵੀ ਵੱਖ ਵੱਖ ਗਤੀਵਿਧੀਆਂ ਅਤੇ ਜਾਗਰੂਕਤਾ ਕੈਂਪ ਲਗਾ ਕੇ ਹੈਪਾਟਾਈਟਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਇਕ ਵਾਇਰਲ ਰੋਗ ਹੈ’ ਹੈਪੇਟਾਈਟਸ ਏ.ਬੀ.ਸੀ.ਡੀ.ਈ. ਕਈ ਪ੍ਰਕਾਰ ਦਾ ਹੁੰਦਾ ਹੈ। ਹੈਪੇਟਾਈਟਸ ਏ ਅਤੇ ਈ ਦੂਸ਼ਿਤ ਪਾਣੀ, ਦੂਸ਼ਿਤ ਭੋਜਨ ਅਤੇ ਸਾਫ ਸਫਾਈ ਦੀ ਅਣਹੋਂਦ ਕਾਰਣ ਫੈਲਦਾ ਹੈ, ਸੋ ਸਾਨੂੰ ਸਾਰਿਆਂ ਨੂੰ ਪਾਣੀ ਨੂੰ ਹਰ ਸਮੇਂ ਉਬਾਲ ਕੇ, ਕਲੋਰੀਨੇਟ ਕਰਕੇ ਜਾਂ ਫਿਲਟਰ ਕਰਕੇ ਸਾਫ ਪਾਣੀ ਪੀਣਾ ਚਾਹੀਦਾ ਹੈ। ਹੈਪੇਟਾਈਟਸ ਦੇ ਮੁੱਖ ਲੱਛਣ ਹਾਜ਼ਮਾ ਨਾ ਆਉਣਾ, ਪੇਟ ਦੇ ਉਪਰਲੇ ਹਿੱਸੇ ਵਿਚ ਸੋਜਿਸ਼, ਲੀਵਰ ਨਜ਼ਦੀਕ ਦਰਕ, ਬੁਖਾਰ, ਭੁੱਖ ਨਾ ਲਗਣਾ, ਥਕਾਵਟ, ਪਿੰਜਣੀਆਂ ਵਿੱਚ ਦਰਦ, ਉਲਟੀ ਆਉਣਾ ਜਾਂ ਜੀਅ ਕੱਚਾ ਹੋਣਾ ਆਦਿ ਹਨ। ਉਨ੍ਹਾਂ ਕਿਹਾ ਕਿ ਪੀਲੀਆ ਹੋਣ ਉਪਰੰਤ ਸਾਨੂੰ ਡਾਕਟਰ ਦੀ ਸਲਾਹ ਅਨੁਸਾਰ ਤੁਰੰਤ ਦਵਾਈ ਲੈਣੀ ਚਾਹੀਦੀ ਹੈ ਅਤੇ ਮਰੀਜ਼ ਨੂੰ ਮੁਕੰਮਲ ਬੈੱਡ ਰੈਸਟ ਕਰਨੀ ਚਾਹੀਦੀ ਹੈ। ਖੱਟੀਆਂ, ਤਲੀਆਂ, ਗਰਮ ਚੀਜ਼ਾਂ ਅਤੇ ਲਾਲ ਮਿਰਚ ਦਾ ਪਰਹੇਜ਼ ਕਰਨਾ ਚਾਹੀਦਾ ਹੈ।
ਸ੍ਰੀ ਸੰਤੋਸ਼ ਭਾਰਤੀ ਜਿਲ੍ਹਾ ਐਪੀਡੀਮੋਲੋਜਿਸਟ ਨੇ ਦੱਸਿਆ ਕਿ ਹੈਪੇਟਾਈਟਸ ਬੀ ਅਤੇ ਸੀ ਦੂਸ਼ਿਤ ਖ਼ੂਨ, ਦੂਸ਼ਿਤ ਸੂਈ ਸਰਿੰਜ, ਅਸੰਕਰਮਿਤ ਖੂਨ ਦਾ ਚੜ੍ਹਨਾ, ਰੋਗ ਗ੍ਰਸਤ ਮਾਂ ਤੋਂ ਬੱਚੇ ਨੂੰ ਹੋ ਸਕਦਾ ਹੈ। ਇਹ ਅਸੁਰੱਖਿਅਤ ਸਰੀਰਿਕ ਸਬੰਧ ਜਾਂ ਕਿਸੇ ਹੋਰ ਇਨਫੈਕਟਡ ਖੂਨ ਦੇ ਸਾਧਨ ਰਾਹੀਂ ਫੈਲਦਾ ਹੈ। ਹੈਪੇਟਾਈਟਸ ਬੀ ਅਤੇ ਸੀ ਤੋਂ ਬਚਾਅ ਲਈ ਜਦੋਂ ਵੀ ਕਿਤੇ ਖ਼ੂਨ ਦੀ ਲੋੜ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਗਰਭਵਤੀ ਮਹਿਲਾਵਾਂ, ਹੈਲਥ ਕੇਅਰ ਵਰਕਰ, ਹਾਈ ਰਿਸਕ ਗਰੁੱਪ ਜਾ ਕੋਈ ਵੀ ਸਰਜਰੀ ਕਰਾਉਣ ਤੋਂ ਪਹਿਲਾਂ, ਦੰਦਾਂ ਦਾ ਇਲਾਜ ਕਰਵਾਉਣ ਸਮੇ ਜਾਂ ਡਾਇਲਸਿਸ ਕਰਾਉਣ ਸਮੇਂ ਖਾਸ ਧਿਆਨ ਦੇਣਾ ਚਾਹੀਦਾ ਹੈ।
ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਦਰਸ਼ਨ ਸਿੰਘ, ਗੁਰਜੰਟ ਸਿੰਘ ਸਹਾਇਕ ਮਲੇਰੀਆ ਅਫਸਰ, ਰਾਮ ਕੁਮਾਰ ਹੈਲਥ ਸੁਪਰਵਾਈਜ਼ਰ ਤੋਂ ਇਲਾਵਾ ਖਾਲਸਾ ਸਕੂਲ ਦੇ ਡਾਇਰੈਕਟਰ ਪ੍ਰੋਫ਼ੈਸਰ ਸੁਖਦੇਵ ਸਿੰਘ ਅਤੇ ਸਕੂਲ ਦੇ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਹਨ।
