
ਮਾਨਸਾ 10 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਝੋਨੇ ਦੀ ਫਸਲ ਮੰਡੀਆਂ ਵਿੱਚ ਆਉਣ ਲਈ ਤਿਆਰ ਹੈ ਪਰ ਸਰਕਾਰ ਨੇ ਹਾਲੇ ਤੱਕ ਕੋਈ ਵੀ ਪੁੱਖਤਾ ਪ੍ਰਬੰਧ ਨਹੀਂ ਕੀਤਾ । ਜਿਸਦੇ ਕਰਕੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦਾ ਵਫ਼ਦ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮਿਲਿਆ । ਜਾਣਕਾਰੀ ਦਿੰਦਿਆਂ ਬਲਾਕ ਮਾਨਸਾ ਦੇ ਪ੍ਰਧਾਨ ਬਲਜੀਤ ਭੈਣੀ ਬਾਘਾ ਅਤੇ ਸੀਨੀਅਰ ਮੀਤ ਪ੍ਰਧਾਨ ਬੀਰਬੱਲ ਸਿੰਘ ਖਿਆਲਾ ਨੇ ਦੱਸਿਆ ਕਿ ਸਰਕਾਰ ਨੇ ਸਰਕਾਰੀ ਖਰੀਦ ਦਾ ਐਲਾਨ ਇੱਕ ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਦਾਣਾ ਮੰਡੀਆਂ ਵਿੱਚ ਸਾਫ਼-ਸਫਾਈ ਤਸੱਲੀ ਬਖਸ਼ ਨਹੀਂ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ ਹੈ । ਆਪਣੀ ਫ਼ਸਲ ਵਿਕਰੀ ਲਈ ਲੈ ਕੇ ਆਏ ਕਿਸਾਨਾਂ ਦੇ ਬੈਠਣ ਦਾ ਹਾਲੇ ਤੱਕ ਕੋਈ ਪੁੱਖਤਾ ਪ੍ਰਬੰਧ ਨਹੀਂ ਕੀਤਾ ਗਿਆ ਹੈ । ਉਨ੍ਹਾਂ ਮੰਗ ਪੱਤਰ ਰਾਹੀ ਸਰਕਾਰ ਤੋਂ ਮੰਡੀਆਂ ਵਿੱਚ ਤੁਰੰਤ ਯੋਗ ਪ੍ਰਬੰਧ ਕਰਨ ਸਮੇਤ ਝੋਨੇ ਦੇ ਤੋਲਣ ਤੋਂ ਫੌਰਨ ਬਾਅਦ ਕਿਸਾਨਾਂ ਦੇ ਖਾਤਿਆਂ ਵਿੱਚ ਰਕਮ ਪਾਉਣ ਦੀ ਵੀ ਮੰਗ ਕੀਤੀ । ਇਸ ਸਮੇਂ ਗੁਰਸੇਵਕ ਸਿੰਘ, ਸਿਕੰਦਰ ਸਿੰਘ ਖਾਲਸਾ, ਰੂਪ ਸਿੰਘ, ਲਾਭ ਸਿੰਘ, ਕਾਕਾ ਸਿੰਘ, ਦੀਦਾਰ ਸਿੰਘ, ਗੱਗੀ ਸਿੰਘ ਖਿਆਲਾ ਕਲਾਂ ਆਦਿ ਹਾਜ਼ਰ ਸਨ ।
