ਨਵੀਂ ਦਿੱਲੀ 12,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਜਿਉ ਜਿਉਂ ਠੰਡ ਜ਼ੋਰ ਫੜ ਰਹੀ ਹੈ ਤਿਉਂ ਤਿਉਂ ਕਿਸਾਨਾਂ ਦਾ ਸੰਘਰਸ਼ ਵੀ ਤੇਜ਼ੀ ਫੜਦਾ ਜਾ ਰਿਹਾ ਹੈ। ਬੀਤੀ ਰਾਤ ਤੋਂ ਕੁੰਡਲ਼ੀ ਬਾਰਡਰ ਤੇ ਸੰਘਣੀ ਧੁੰਦ ਛਾਈ ਹੋਈ ਹੈ ਤੇ ਬਾਰਸ਼ ਦੇ ਵੀ ਪੂਰੇ ਆਸਾਰ ਬਣੇ ਹੋਏ ਹਨ। ਪਰ ਇਸਦੇ ਵਿਚਾਲੇ ਕਿਸਾਨਾਂ ਦੇ ਜੋਸ਼ ਦੇ ਵਿੱਚ ਬਿਲਕੁਲ ਵੀ ਕਮੀ ਦੇਖਣ ਨੂੰ ਨਹੀਂ ਮਿਲ ਰਹੀ।
ਕੇਂਦਰ ਸਰਕਾਰ ਖ਼ਿਲਾਫ਼ ਡੱਟੇ ਇਹ ਕਿਸਾਨਾਂ ਵਿੱਚੋ ਕੁਝ ਕੁ ਕਿਸਾਨ ਹੁਣ ਕੁੰਡਲ਼ੀ ਬਾਰਡਰ ਤੋਂ ਕਰੀਬ 10 km ਪਿੱਛੇ ਆਕੇ ਆਪਣਾ ਵਿਰੋਧ ਜਤਾ ਰਹੇ ਹਨ । ਗੌਰਤਲਬ ਹੈ ਕਿ ਕਿਸਾਨੀ ਮੋਰਚੇ ਕਾਰਨ ਕੁੰਡਲ਼ੀ ਬਾਰਡਰ ਨੈਸ਼ਨਲ ਹਾਈਵੇ ਜਾਮ ਹੈ। ਜਿਸ ਕਾਰਨ ਹਰਿਆਣਾ ਪੁਲਿਸ ਵੱਲੋਂ ਦਿੱਲੀ ਜੈਪੁਰ ਜਾਂ ਹੋਰ ਥਾਂਵਾਂ ਤੇ ਪਹੁੰਚਣ ਵਾਲੇ ਲੋਕਾਂ ਲਈ ਰਾਹ ਤਬਦੀਲ ਕੀਤਾ ਹੋਇਆ ਹੈ।
ਕਿਸਾਨਾਂ ਵੱਲੋਂ ਜਿੱਥੇ ਆਮ ਪਬਲਿਕ ਨੂੰ ਲੰਘਾਇਆ ਜਾ ਰਿਹਾ ਹੈ। ਰਾਹਗੀਰਾਂ ਨੂੰ ਚਾਹ ਪਾਣੀ ਤੇ ਪਦਾਰਥ ਛਕਾਏ ਜਾ ਰਹੇ ਹਨ ਇਸ ਦੇ ਨਾਲ ਹੀ ਗਲ਼ਾਂ ‘ਚ ਤਖ਼ਤੀਆਂ ਪਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਠੰਢ ‘ਚ ਵਾਧਾ ਹੋਣ ਕਾਰਨ ਕਿਸਾਨ ਟ੍ਰਾਲੀਆਂ ‘ਚ ਬੈਠੇ ਹੋਏ ਹਨ ਪਰ ਇਸਦੇ ਬਾਵਜੂਦ ਸ਼ਨੀਵਾਰ ਅਤੇ ਐਤਵਾਰ ਦੀਆ ਛੁੱਟੀਆਂ ਹੋਣ ਕਰਕੇ ਬਹੁਤ ਵੱਡੀ ਮਾਤਰਾ ‘ਚ ਦੁਨੀਆ ਸੰਘਰਸ਼ ‘ਚ ਸ਼ਮੂਲੀਅਤ ਕਰ ਰਹੀ ਹੈ।