ਨਵੀਂ ਦਿੱਲੀ 8 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕੋਰੋਨਾਵਾਇਰਸ ਨੇ ਲੌਕਡਾਊਨ ਦੇ ਆਰਥਿਕਤਾ ‘ਤੇ ਅਸਰ ਸਾਹਮਣੇ ਆਉਣ ਲੱਗੇ ਹਨ। ਚਾਲੂ ਵਿੱਤੀ ਵਰ੍ਹੇ ਦੀ ਜੂਨ ਤਿਮਾਹੀ ਦੇ ਕੁੱਲ ਘਰੇਲੂ ਉਤਪਾਦ ਵਿੱਚ 23.9 ਫ਼ੀਸਦ ਗਿਰਾਵਟ ਨੇ ਵੱਡੇ ਫਿਕਰ ਖੜ੍ਹੇ ਕਰ ਦਿੱਤੇ ਹਨ। ਮੋਦੀ ਸਰਕਾਰ ਚਾਹੇ ਇਸ ਸੰਕਟ ਵਿੱਚ ਜਲਦ ਉੱਭਰਣ ਦੇ ਦਾਅਵੇ ਕਰ ਰਹੀ ਹੈ ਪਰ ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ ਅਸਰ ਲੰਮੇ ਸਮੇਂ ਤੱਕ ਰਹੇਗਾ।
ਇਸ ਬਾਰੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਫਿਕਰ ਜਾਹਿਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਨੌਕਰਸ਼ਾਹੀ ਨੂੰ ਹੁਣ ਸੁਸਤੀ ਲਾਹ ਕੇ ਕੁਝ ਅਰਥਪੂਰਨ ਕਾਰਵਾਈ ਕਰਨੀ ਹੋਵੇਗੀ, ਨਹੀਂ ਤਾਂ ਭਿਆਨਕ ਸਿੱਟੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸੰਕਟ ਨੂੰ ਵਧੇਰੇ ਸੂਝ-ਬੂਝ ਵਾਲੀ ਤੇ ਸਰਗਰਮ ਸਰਕਾਰ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਇਹ ਮੰਦਭਾਗਾ ਹੈ ਕਿ ਸ਼ੁਰੂਆਤ ’ਚ ਸਰਗਰਮੀ ਇਕਦਮ ਵਧੀ ਸੀ, ਜੋ ਹੁਣ ਮੱਠੀ ਪੈ ਗਈ ਜਾਪਦੀ ਹੈ।’’
ਰਾਜਨ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ, ‘‘ਆਰਥਿਕ ਵਾਧੇ ਵਿੱਚ ਇਨੀ ਵੱਡੀ ਗਿਰਾਵਟ ਸਾਡੇ ਸਾਰਿਆਂ ਲਈ ਚਿਤਾਵਨੀ ਹੈ। ਭਾਰਤ ਵਿੱਚ ਜੀਡੀਪੀ 23.9 ਫ਼ੀਸਦ ਸੁੰਗੜੀ ਹੈ। ਦੂਜੇ ਪਾਸੇ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਮੁਲਕਾਂ ’ਚੋਂ ਇਟਲੀ ਦੀ ਜੀਡੀਪੀ ਵਿਚ 12.4 ਫੀਸਦ ਤੇ ਅਮਰੀਕਾ ਦੀ ਜੀਡੀਪੀ ਵਿੱਚ 9.5 ਫੀਸਦ ਦੀ ਗਿਰਾਵਟ ਆਈ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਖ਼ਰਾਬ ਜੀਡੀਪੀ ਅੰਕੜਿਆਂ ਨੂੰ ਦੇਖ ਕੇ ਉਮੀਦ ਕੀਤੀ ਜਾ ਰਹੀ ਹੈ ਕਿ ਅਫਸਰਸ਼ਾਹੀ ਤੰਤਰ ‘ਆਪਣੀ ਆਤਮ-ਸੰਤੁਸ਼ਟੀ ਵਾਲੀ ਸਥਿਤੀ ’ਚੋਂ ਬਾਹਰ ਨਿਕਲੇਗਾ ਤੇ ਕੁਝ ਅਰਥਪੂਰਨ ਕਾਰਵਾਈ ਕਰਨ ’ਤੇ ਧਿਆਨ ਕੇਂਦਰਿਤ ਕਰੇਗਾ।’’