![](https://sarayaha.com/wp-content/uploads/2025/01/dragon.png)
ਮਾਨਸਾ, 07 ਫਰਵਰੀ: (ਸਾਰਾ ਯਹਾਂ/ਮੁੱਖ ਸੰਪਾਦਕ)
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਕੱਦੂ ਜਾਤੀ ਦੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਪਿੰਡ ਭੈਣੀ ਬਾਘਾ, ਬਲਾਕ ਮਾਨਸਾ ਵਿਖੇ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ।
ਇਸ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ.ਤੇਜਪਾਲ ਸਿੰਘ ਸਰਾਂ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ, ਬਾਗਬਾਨੀ) ਨੇ ਕੱਦੂ ਜਾਤੀ ਦੀਆਂ ਫਸਲਾਂ ਦੀ ਕਾਸ਼ਤ ਬਾਰੇ ਜਰੂਰੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਮੌਸਮ ਵਿੱਚ ਵੱਧ ਰਹੀ ਗਰਮੀ ਨੂੰ ਦੇਖਦੇ ਹੋਏ ਕੱਦੂ ਜਾਤੀ ਫਸਲਾਂ ਦੀ ਪਨੀਰੀ ਲਾਉਣ ਦਾ ਇਹ ਢੁਕਵਾਂ ਸਮਾਂ ਹੈ ਅਤੇ ਕਿਸਾਨਾਂ ਨੂੰ ਪਲੱਗ ਟਰੇਆਂ ਵਿਧੀ ਨਾਲ ਪਨੀਰੀ ਤਿਆਰ ਕਰਨ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਨੀਵੀ ਸੁਰੰਗ ਹੇਠਾਂ ਲੱਗੇ ਖਰਬੂਜ਼ੇ ਅਤੇ ਸ਼ਿਮਲਾ ਮਿਰਚ ਵਿੱਚ ਸਮੇ ਸਿਰ ਸੁਚੱਜੇ ਕੀਟ ਅਤੇ ਰੋਗ ਪ੍ਰਬੰਧਨ ਤੋਂ ਜਾਣੂ ਕਰਵਾਇਆ।
ਸਹਾਇਕ ਪ੍ਰੋਫੈਸਰ (ਭੂਮੀ ਅਤੇ ਪਾਣੀ ਇੰਜਨੀਅਰਿੰਗ) ਇੰਜ. ਅਲੋਕ ਗੁਪਤਾ, ਨੇ ਇਸ ਸਿਖਲਾਈ ਦੌਰਾਨ ਸਬਜ਼ੀਆਂ ਵਿੱਚ ਪਲਾਸੀਕਲਚਰ ਦੀ ਮਹੱਤਤਾ ’ਤੇ ਚਾਨਣਾ ਪਾਉਂਦੇ ਹੋਏ ਕਿਸਾਨਾਂ ਨੂੰ ਇਸ ਵਿਧੀ ਰਾਹੀਂ ਸਬਜ਼ੀਆਂ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਸਬਜ਼ੀਆਂ ਵਿਚ ਮਲਚਿੰਗ ਅਤੇ ਤੁਪਕਾ ਸਿੰਚਾਈ ਦੇ ਮੇਲ ਨਾਲ ਸਬਜ਼ੀਆਂ ਦੇ ਝਾੜ ਅਤੇ ਗੁਣਵੱਤਾ ਨੂੰ ਵਧਾਇਆ ਜਾ ਸਕਦਾ ਹੈ ਜਿਸ ਦੇ ਨਤੀਜੇ ਵਜੋਂ ਮੁਨਾਫ਼ਾ ਵੀ ਆਮ ਖੇਤੀ ਨਾਲੋਂ ਜ਼ਿਆਦਾ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਤਕਨੀਕ ਦੀ ਵਰਤੋਂ ਕਰਨ ਨਾਲ ਪਾਣੀ ਦੀ 50 ਤੋਂ 80 ਫੀਸਦੀ ਤੱਕ ਬੱਚਤ ਹੁੰਦੀ ਹੈ। ਪ੍ਰੋਗਰਾਮ ਦੇ ਅਖੀਰ ਵਿੱਚ ਗਰਮੀ ਰੁੱਤ ਦੀਆਂ ਸਬਜ਼ੀਆਂ ਦੀਆਂ ਕਿੱਟਾਂ ਵੀ ਦਿੱਤੀਆਂ ਗਈਆਂ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)