ਚੰਡੀਗੜ੍ਹ, 22,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਕੱਚੇ ਅਧਿਆਪਕ ਯੂਨੀਅਨ ਦੀ ਅੱਜ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ। ਬੀਤੇ ਕੱਲ੍ਹ ਕੱਚੇ ਅਧਿਆਪਕਾਂ ਵੱਲੋਂ ਮੋਹਾਲੀ ਵਿਖੇ ਕੀਤੀ ਸੂਬਾਈ ਰੈਲੀ ਦੌਰਾਨ ਮੋਹਾਲੀ ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ, ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਜੱਥੇਬੰਦੀ ਦੀ ਪੈੱਨਲ ਮੀਟਿੰਗ ਤੈਅ ਕਰਵਾਈ ਗਈ ਸੀ। ਅੱਜ ਦੀ ਮੀਟਿੰਗ ਵਿੱਚ ਅੱਜ ਸਿੱਖਿਆ ਮੰਤਰੀ ਨਹੀਂ ਪਹੁੰਚੇ।ਕੱਚੇ ਅਧਿਆਪਕ ਯੂਨੀਅਨ ਵੱਲੋਂ ਮੀਟਿੰਗ ਕਰਨ ਲਈ ਪਹੁੰਚੇ ਆਗੂਆਂ ਅਜਮੇਰ ਔਲਖ, ਗਗਨ ਅਬਹੋਰ, ਜਸਵੰਤ ਪੰਨੂ, ਦਵਿੰਦਰ ਸੰਧੂ ਅਤੇ ਵੀਰਪਾਲ ਸਧਾਣਾ ਨੇ ਕਿਹਾ ਕਿ ਜੋ ਪਿਛਲੇ ਸਮੇਂ ਦੌਰਾਨ ਜੱਥੇਬੰਦੀ ਦੀ ਜੋ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੀ ਸ਼ਾਮਲ ਸਨ, ਉਸ ਵਿੱਚ ਸਰਕਾਰ ਵੱਲੋਂ ਕਈ ਮੰਗਾਂ ਮੰਨੀਆਂ ਗਈਆਂ ਸਨ, ਪਰ ਅੱਜ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਉਨ੍ਹਾਂ ਮੰਨੀਆ ਗਈਆਂ ਮੰਗਾਂ ਤੋਂ ਵੀ ਮੁੱਕਰ ਗਏ। ਜਿਸ ਕਾਰਨ ਅਧਿਆਪਕ ਆਗੂ ਮੀਟਿੰਗ ਵਿਚਾਲੇ ਹੀ ਛੱਡਕੇ ਬਾਹਰ ਆ ਗਏ। ਆਗੂਆਂ ਨੇ ਕਿਹਾ ਕਿ ਪਿਛਲੀ ਮੀਟਿੰਗ ਵਿੱਚ ਸਰਕਾਰ ਵੱਲੋਂ ਇਹ ਮੰਗ ਮੰਨੀ ਗਈ ਸੀ ਕਿ ਅਸਾਮੀਆਂ ਦੀ ਗਿਣਤੀ 9 ਹਜ਼ਾਰ ਕੀਤੀ ਜਾਵੇਗੀ, ਜਦੋਂ ਕਿ ਜੱਥੇਬੰਦੀ 13 ਹਜ਼ਾਰ ਅਸਾਮੀਆਂ ਦੀ ਮੰਗ ਕਰ ਰਹੀ ਹੈ। ਪਰ ਅੱਜ ਦੀ ਮੀਟਿੰਗ ਦੌਰਾਨ ਸਰਕਾਰ ਦੇ ਅਧਿਕਾਰੀ 9 ਹਜ਼ਾਰ ਅਸਾਮੀਆਂ ਦੀ ਮੰਨੀ ਮੰਗ ਤੋਂ ਵੀ ਮੁੱਕਰ ਗਏ। ਆਗੂਆਂ ਨੇ ਕਿਹਾ ਕਿ ਕੱਲ੍ਹ ਸਾਨੂੰ ਮੋਹਾਲੀ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਸਿੱਖਿਆ ਮੰਤਰੀ ਮੀਟਿੰਗ ਵਿੱਚ ਸ਼ਾਮਲ ਹੋਣਗੇ, ਪਰ ਅੱਜ ਉਹ ਸ਼ਾਮਲ ਨਹੀਂ ਸਨ। ਆਗੂਆਂ ਨੇ ਸਰਕਾਰ ਨੂੰ ਚਿਤਵਾਨੀ ਦਿੰਦਿਆਂ ਕਿਹਾ ਕਿ ਵੋਟਾਂ ਮੰਗਣ ਲਈ ਜਨਤਾ ਵਿੱਚ ਮੁੱਖ ਮੰਤਰੀ, ਮੰਤਰੀਆਂ ਜਾਂ ਵਿਧਾਇਕਾਂ ਨੇ ਹੀ ਆਉਣਾ ਹੈ, ਇਸ ਅਫਸਰਸ਼ਾਹੀ ਨੇ ਨਹੀਂ ਆਉਣਾ। ਸੋ ਜਦੋਂ ਇਹ ਮੰਤਰੀ ਵੋਟਾਂ ਮੰਗਣ ਆਉਣਗੇ ਤਾਂ ਇਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਹੁਣ ਉਹ ਅਫਸਰਸ਼ਾਹੀ ਨਾਲ ਮੀਟਿੰਗ ਵੀ ਨਹੀਂ ਕਰਨਗੇ ਅਤੇ ਜਦੋਂ ਵੀ ਅਗਲੀ ਮੀਟਿੰਗ ਸਰਕਾਰ ਨਾਲ ਕਰਨਗੇ ਤਾਂ ਉਹ ਦੇ ਮੰਤਰੀਆਂ ਨਾਲ ਹੀ ਕਰਨਗੇ। ਆਗੂਆਂ ਨੇ ਕਿਹਾ ਕਿ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰ ਪੰਜਾਬ ਦੀ ਕੈਪਟਨ ਸਰਕਾਰ ਹੋਵੇਗੀ।