
ਮਾਨਸਾ, 30 ਨਵੰਬਰ (ਸਾਰਾ ਯਹਾਂ/ਔਲਖ ) ਪਿਛਲੇ 14-15 ਸਾਲਾਂ ਤੋਂ ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਤਹਿਤ ਕੰਮ ਕਰ ਮਲਟੀਪਰਪਜ ਹੈਲਥ ਵਰਕਰ ਫੀਮੇਲ ਨਿਗੁਣੀਆਂ ਤਨਖਾਹਾਂ ਤੇ ਗੁਜ਼ਾਰਾ ਕਰ ਰਹੀਆਂ ਹਨ। ਸਰਕਾਰਾਂ ਵੱਲੋਂ ਉਨ੍ਹਾਂ ਨੂੰ ਲਾਰਿਆਂ ਤੋਂ ਸਿਵਾ ਹੋਰ ਕੁਝ ਵੀ ਨਹੀਂ ਦਿੱਤਾ ਗਿਆ। 15 ਨਵੰਬਰ ਤੋਂ ਰੈਗੂਲਰ ਹੋਣ ਲਈ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਵਿਖੇ ਪੱਕੇ ਧਰਨੇ ਤੇ ਬੈਠੀਆਂ ਇਨਾਂ ਸਿਹਤ ਕਰਮਚਾਰਨਾ ਨੇ 28 ਨਵੰਬਰ ਨੂੰ ਖਰੜ ਵਿਖੇ ਵਿਸ਼ਾਲ ਰੈਲੀ ਕੀਤੀ ਜਿਸ ਵਿੱਚ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਮਿਲੀ ਪਰ ਅੱਜ ਉਸ ਮੀਟਿੰਗ ਵਿੱਚ ਉੱਚ ਸਰਕਾਰੀ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਰੈਗੂਲਰ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ ਗਿਆ ਹੈ। ਸਰਕਾਰ ਦੇ ਇਸ ਫੈਸਲੇ ਦੀ ਸਿਹਤ ਮੁਲਾਜ਼ਮ ਤਾਲਮੇਲ ਕਮੇਟੀ ਜ਼ਿਲ੍ਹਾ ਮਾਨਸਾ ਅਤੇ ਮਲਟੀਪਰਪਜ ਹੈਲਥ ਇੰਪਲਾਈਜ ਯੁਨੀਅਨ ਮਾਨਸਾ ਵਲੋਂ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਮਲਟੀਪਰਪਜ ਹੈਲਥ ਇੰਪਲਾਈਜ ਯੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਾਨਣ ਦੀਪ ਸਿੰਘ, ਸੂਬਾ ਆਗੂ ਕੇਵਲ ਸਿੰਘ ਅਤੇ ਜਗਦੀਸ਼ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ ਵਿੱਚ ਅਤੇ ਠੇਕਾ ਅਧਾਰਿਤ ਮਲਟੀਪਰਪਜ ਵਰਕਰ ਫੀਮੇਲ ਦੇ ਹੱਕ ਵਿੱਚ ਰੈਗੂਲਰ ਸਿਹਤ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਡਟ ਕੇ ਖੜਨਗੀਆਂ।
