*ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ ਸਬੰਧੀ ਬਲਾਕ ਪੱਧਰੀ ਕੈਂਪ ਆਯੋਜਿਤ*

0
11

ਮਾਨਸਾ, 08 ਨਵੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਪਿੰਡ ਜੋਗਾ ਵਿਖੇ ਬਲਾਕ ਪੱਧਰੀ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਮੌਕੇ ਡਾ. ਅਜੈ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਨੇ ਆਪਣੇ ਭਾਸ਼ਣ ਦੌਰਾਨ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਉਪਲੱਬਧ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਖੇਤੀ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਵੀ ਪ੍ਰੇਰਿਆ।
ਇੰਜ ਅਲੋਕ ਗੁਪਤਾ, ਸਹਾਇਕ ਪ੍ਰੋਫੈਸਰ (ਮਿੱਟੀ ਅਤੇ ਪਾਣੀ ਇੰਜ.) ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ—ਸੰਭਾਲ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਸਾਨ ਵੀਰਾਂ ਨੂੰ ਝੋਨੇ ਦੀ ਪਰਾਲੀ ਖੇਤ ਵਿਚ ਵਾਹੁਣ ਦੀ ਸਲਾਹ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਵਿਕਸਿਤ ਕੀਤੇ ਸਰਫ਼ੇਸ ਸੀਡਰ, ਸਮਾਰਟ ਸੀਡਰ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਜਿੱਥੇ ਪਰਾਲੀ ਵਿਚ ਮੌਜੂਦ ਤੱਤ ਨਸ਼ਟ ਹੁੰਦੇ ਹਨ ਓਥੇ ਹੀ ਮਿੱਟੀ ਦੀ ਸਤਹਿ ਉਪਰ ਪਲ ਰਹੇ ਜੀਵਾਣੂ ਵੀ ਅੱਗ ਦੀ ਲਪੇਟ ਵਿਚ ਆ ਜਾਂਦੇ ਹਨ। ਇਸ ਨਾਲ ਮਿੱਟੀ, ਪੌਣ, ਪਾਣੀ, ਪਸ਼ੂ, ਪੰਛੀ ਅਤੇ ਮਨੁੱਖ ਨੂੰ ਨੁਕਸਾਨ ਪਹੁੰਚਦਾ ਹੈ। ਉਨ੍ਹਾਂ  ਕਿਹਾ  ਕਿ  ਖੇਤੀ  ਨੂੰ  ਲੰਬੇ  ਸਮੇਂ  ਤੱਕ ਕਾਮਯਾਬ  ਕਿੱਤਾ ਬਣਾਈ  ਰੱਖਣ ਲਈ ਪਾਣੀ  ਅਤੇ  ਮਿੱਟੀ  ਦੀ  ਸਿਹਤ  ਨੂੰ  ਬਰਕਰਾਰ  ਰੱਖਣਾ  ਜ਼ਰੂਰੀ  ਹੈ।
ਡਾ. ਰਣਵੀਰ ਸਿੰਘ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ  ਕਿਸਾਨ  ਵੀਰਾਂ  ਨੂੰ ਹਾੜ੍ਹੀ ਦੀਆਂ ਫ਼ਸਲਾਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦਰਸਾਏ ਪੈਮਾਨਿਆਂ ਮੁਤਾਬਿਕ ਕੀਟਨਾਸ਼ਕ ਵਰਤਣ ਲਈ ਪ੍ਰੇਰਿਆ। ਇਸ ਦੇ ਨਾਲ ਉਨ੍ਹਾਂ ਕਣਕ ਦੇ ਬੀਜ ਦੀ ਜੀਵਾਣੂ ਟੀਕੇ ਨਾਲ ਸੋਧ ਬਾਰੇ ਜਾਣਕਾਰੀ ਦਿੱਤੀ ਅਤੇ ਜੀਵਾਣੂ ਟੀਕੇ ਦੀ ਜ਼ਮੀਨ ਦੇ ਸਿਹਤ ਅਤੇ ਫ਼ਸਲ ਦੇ ਝਾੜ ਵਧਾਉਣ ਪ੍ਰਤੀ ਮਹੱਤਤਾ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਇਹ ਟੀਕਾ ਕਿਸਾਨ ਵੀਰ ਕਣਕ ਦਾ ਬੀਜ ਲੈਣ ਸਮੇਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਪ੍ਰਾਪਤ ਕਰ ਸਕਦੇ ਹਨ। ਇਸ ਪਿੰਡ ਪੱਧਰੀ ਕੈਂਪ ਵਿੱਚ 100 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ ਅਤੇ ਮਾਹਿਰਾਂ ਵੱਲੋਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਮੌਕੇ ਕਿਸਾਨਾਂ ਦੀ ਸਹੂਲਤ ਲਈ ਖੇਤੀ ਸਾਹਿਤ ਵੀ ਉਪਲੱਬਧ ਕਰਵਾਇਆ ਗਿਆ।

LEAVE A REPLY

Please enter your comment!
Please enter your name here