*ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਪਿੰਡ ਮੱਤੀ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ*

0
5

ਮਾਨਸਾ, 10 ਅਕਤੂਬਰ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਫ਼ਸਲਾਂ ਦੀ ਰਹਿੰਦ-ਖੂਹੰਦ ਦੀ ਸਾਂਭ ਸੰਭਾਲ ਸਬੰਧੀ ਬਲਾਕ ਪੱਧਰੀ ਕੈਂਪ ਲਗਾਇਆ ਗਿਆ
ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਡਿਪਟੀ ਡਾਇਰੈਕਟਰ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਮੱਤੀ ਵਿਖੇ ਫ਼ਸਲਾਂ ਦੀ ਰਹਿੰਦ-ਖੂਹੰਦ ਦੀ ਸਾਂਭ ਸੰਭਾਲ ਸਬੰਧੀ ਬਲਾਕ ਪੱਧਰੀ ਕੈਂਪ ਲਗਾਇਆ ਗਿਆ।
ਕੈਂਪ ਦੀ ਸ਼ੁਰੂਆਤ ਵਿਚ ਇੰਜ ਅਲੋਕ ਗੁਪਤਾ, ਸਹਾਇਕ ਪ੍ਰੋਫੈਸਰ (ਮਿੱਟੀ ਅਤੇ ਪਾਣੀ ਇੰਜ.) ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਸਾਨ ਵੀਰਾਂ ਨੂੰ ਝੋਨੇ ਦੀ ਪਰਾਲੀ ਖੇਤ ਵਿਚ ਵਾਹੁਣ ਦੀ ਸਲਾਹ ਦਿੰਦੇ ਹੋਏ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਵਿਕਸਿਤ ਕੀਤੇ ਸਰਫ਼ੇਸ ਸੀਡਰ, ਸਮਾਰਟ ਸੀਡਰ ਬਾਰੇ ਵਿਸਥਾਰ ਵਿਚ ਦੱਸਿਆ।
ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਜਿੱਥੇ ਪਰਾਲੀ ਵਿਚ ਮੌਜੂਦਾ ਤੱਤ ਨਸ਼ਟ ਹੁੰਦੇ ਹਨ ਓਥੇ ਹੀ ਮਿੱਟੀ ਦੀ ਸਤਹਿ ਉਪਰ ਪਲ ਰਹੇ ਜੀਵਾਣੂ ਵੀ ਅੱਗ ਦੀ ਲਪੇਟ ਵਿਚ ਆ ਜਾਂਦੇ ਹਨ। ਇਸ ਨਾਲ ਮਿੱਟੀ, ਪੌਣ, ਪਾਣੀ, ਪਸ਼ੂ, ਪੰਛੀ ਅਤੇ ਮਨੁੱਖ ਨੂੰ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਖੇਤੀ  ਨੂੰ  ਲੰਬੇ ਸਮੇਂ ਤੱਕ ਕਾਮਯਾਬ ਕਿੱਤਾ ਬਣਾਈ ਰੱਖਣ ਲਈ ਪਾਣੀ ਅਤੇ ਮਿੱਟੀ  ਦੀ  ਸਿਹਤ  ਨੂੰ  ਬਰਕਰਾਰ ਰੱਖਣਾ ਜ਼ਰੂਰੀ ਹੋਵੇਗਾ।
ਡਾ ਬੀ ਐੱਸ ਸੇਖੋਂ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਨੇ ਕੈਂਪ ਦੌਰਾਨ ਝੋਨੇ ਦੀ ਪਰਾਲੀ ਦੀ ਸਬਜ਼ੀਆਂ ਅਤੇ ਫਲਾਂ ਦੇ ਬਾਗ਼ਾਂ ਵਿੱਚ ਮਲਚ ਦੇ ਤੌਰ ਤੇ ਵਰਤੋਂ ਕਰਨ ਬਾਰੇ ਜ਼ੋਰ ਦਿੱਤਾ ਅਤੇ ਵੱਖ-ਵੱਖ ਫ਼ਸਲਾਂ ਵਿੱਚ ਪਰਾਲੀ ਨੂੰ ਮਲਚ ਦੇ ਤੌਰ ਤੇ ਵਰਤਣ ਬਾਰੇ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ਾਂ ਬਾਰੇ ਚਾਨਣਾ ਪਾਇਆ।ਇਸ ਪ੍ਰੋਗਰਾਮ ਦੇ ਅੰਤ ਵਿਚ ਡਾ ਰਣਵੀਰ ਸਿੰਘ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਕਿਸਾਨ ਵੀਰਾਂ  ਨੂੰ  ਹਾੜ੍ਹੀ ਦੀਆਂ ਫ਼ਸਲਾਂ  ਦੀ  ਕਾਸ਼ਤ ਕਰਦੇ ਸਮੇਂ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ ਕਿਸਮਾਂ ਅਤੇ ਕਾਸ਼ਤ ਦੇ ਢੰਗ ਅਪਨਾਉਣ ਤੇ ਜ਼ੋਰ ਦਿੱਤਾ।  ਉਨ੍ਹਾਂ ਕਿਸਾਨਾਂ  ਨੂੰ   ਤੇਲ ਬੀਜ ਫ਼ਸਲਾਂ ਅਤੇ ਛੋਟੇ ਅਨਾਜ ਰਾਹੀਂ ਖੇਤੀ ਵਿਭਿਨਤਾ ਵੱਲ ਆਉਣ ਲਈ ਪ੍ਰੇਰਿਆ। ਇਸ ਬਲਾਕ ਪੱਧਰੀ ਕੈਂਪ ਵਿੱਚ 75 ਤੋਂ ਵੱਧ ਕਿਸਾਨ ਵੀਰਾਂ ਨੇ ਭਾਗ ਲਿਆ ਅਤੇ ਮਾਹਿਰਾਂ ਵਲੋਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਤਸੱਲੀਬਕਸ਼ ਤਰੀਕੇ ਨਾਲ ਦਿੱਤੇ ਗਏ।

LEAVE A REPLY

Please enter your comment!
Please enter your name here