
ਮਾਨਸਾ, 26 ਜੁਲਾਈ:(ਸਾਰਾ ਯਹਾਂ/ਮੁੱਖ ਸੰਪਾਦਕ ):
ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ 19 ਜੁਲਾਈ ਤੋਂ 25 ਜੁਲਾਈ 2023 ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਅਗਵਾਈ ਹੇਠ ਬੱਕਰੀ ਪਾਲਣਵਿਸ਼ੇ ’ਤੇ ਇੱਕ ਹਫ਼ਤੇ ਦਾ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ।

ਸਿਖਲਾਈ ਕੋਰਸ ਵਿਚ ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਡਾ. ਗੁਰਦੀਪ ਸਿੰਘ, , ਦੀ ਰਹਿਨੁਮਾਈ ਹੇਠ ਜ਼ਿਲ੍ਹੇ ਦੇ 44 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਸਤਪਾਲ, ਵੈਟਰਨਰੀ ਅਫਸਰ, ਮਾਨਸਾ ਵੱਲੋਂ ਬੱਕਰੀਆਂ ਦੀ ਵੱਖ ਵੱਖ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ਼ ਬਾਰੇ ਜਾਗਰੂਕ ਕੀਤਾ। ਡਾ: ਗੁਰਦੀਪ ਸਿੰਘ ਨੇ ਪੇਂਡੂ ਖੇਤਰਾਂ ਦੇ ਗਰੀਬ ਲੋਕਾਂ ਲਈ ਬੱਕਰੀ ਪਾਲਣ ਦੀ ਮਹੱਤਤਾ ਸਾਂਝੀ ਕੀਤੀ।

ਡਾ. ਅਜੈ ਸਿੰਘ ਸਹਾਇਕ ਪ੍ਰੋਫੈਸਰ, ਪਸ਼ੂ ਵਿਗਿਆਨ ਅਤੇ ਕੋਰਸ ਕੋਆਰਡੀਨੇਟਰ ਨੇ ਬੱਕਰੀਆਂ ਦੀਆਂ ਨਸਲਾਂ, ਪ੍ਰਜਣਨ ਪ੍ਰਬੰਧਨ, ਬੱਕਰੀ ਪਾਲਣ ਦੀਆਂ ਵਿਧੀਆਂ, ਬੱਕਰੀਆਂ ਲਈ ਵਾੜੇ, ਖੁਰਾਕ, ਸਾਂਭ—ਸੰਭਾਲ, ਬੱਕਰੀਆਂ ਵਿੱਚ ਟੀਕਾਕਰਨ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਤੇ ਸਾਹਿਤ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਸੁਧਰੀ ਨਸਲ ਦੀ ਪਹਿਚਾਣ, ਦੰਦਾਂ ਤੋਂ ਉਮਰ ਦਾ ਅੰਦਾਜ਼ਾ ਲਗਾਉਣ, ਅਜੋਲਾ ਦੀ ਕਾਸ਼ਤ ਆਦਿ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ। ਸਿਖਲਾਈ ਵਿੱਚ ਸ਼ਾਮਿਲ ਸਿਖਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਵੈਟਰਨਰੀ ਪੋਲੀਕਲੀਨਿਕ ਮਾਨਸਾ ਦਾ ਦੌਰਾ ਵੀ ਕਰਵਾਇਆ ਗਿਆ।
