ਕੌਮੀ ਸੇਵਾ ਯੋਜਨਾ ਨਾਲ ਵਲੰਟੀਅਰਾਂ ਦਾ ਸਮਾਜਿਕ, ਬੌਧਿਕ ਤੇ ਭਾਵਨਾਤਮਕ ਵਿਕਾਸ ਯਕੀਨੀ: ਮਹਿੰਦਰ ਪਾਲ

0
4

ਮਾਨਸਾ, 4 ਮਾਰਚ (ਸਾਰਾ ਯਹਾਂ /ਮੁੱਖ ਸੰਪਾਦਕ): ਕੌਮੀ ਸੇਵਾ ਯੋਜਨਾ ਵਲੰਟੀਅਰਾਂ ਦੇ ਸਮਾਜਿਕ, ਬੌਧਿਕ ਤੇ ਭਾਵਨਾਤਮਕ ਪੱਧਰ ਦਾ ਵਿਕਾਸ  ਕਰਦੀ ਹੈ ਅਤੇ ਇਸ ਸੇਵਾ ਦਾ ਹਿੱਸਾ ਬਣ ਕੇ ਵਲੰਟੀਅਰ ਇੱਕ ਦੂਜੇ ਨਾਲ ਮਿਲਵਰਤਣ ਰੱਖਣ, ਟੀਮ ਪੱਧਰ ‘ਤੇ ਕੰਮ ਕਰਨ ਅਤੇ ਸਮਾਜ ਦੇ ਸੁਧਾਰ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਅੱਜ ਐਸ.ਡੀ. ਕੰਨਿਆ ਮਹਾਂ ਵਿਦਿਆਲਾ ਵਿਖੇ ਐਨ.ਐਸ.ਐਸ ਕੈਂਪ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਆਪਣੇ ਮੁਢਲੇ ਸਮੇਂ ਦੌਰਾਨ ਖੁਦ ਵੀ ਐਨ.ਐਸ.ਐਸ ਨਾਲ ਜੁੜੇ ਰਹੇ ਹਨ ਅਤੇ ਕੌਮੀ ਸੇਵਾ ਯੋਜਨਾ ਨਾਲ ਵਲੰਟੀਅਰਾਂ ਦੇ ਮਨ ਵਿੱਚ ਦੇਸ਼ ਦੇ ਸਰਵਪੱਖੀ ਵਿਕਾਸ ਦੀ ਭਾਵਨਾ ਪੈਦਾ ਹੁੰਦੀ ਹੈ। 
ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਦੌਰਾਨ ਵਲੰਟੀਅਰਾਂ ਨੂੰ ਸਮਾਜ ਸੇਵਾ ਲਈ ਲਗਾਤਾਰ ਸਰਗਰਮ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਆਪਣੇ ਪਰਿਵਾਰਾਂ ਤੇ ਆਲੇ ਦੁਆਲੇ ਵਿੱਚ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਜਾਗਰੂਕਤਾ ਪੈਦਾ ਕਰਨ ਵਿੱਚ ਵਿਦਿਆਰਥੀ ਵਰਗ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ। ਸ਼੍ਰੀ ਮਹਿੰਦਰ ਪਾਲ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਕੇ ਅਤੇ ਆਪਣੇ ਚੌਗਿਰਦੇ ਦੀ ਸਾਫ਼ ਸਫ਼ਾਈ ਰੱਖ ਕੇ ਅਸੀਂ ਜਿਥੇ ਕੁਦਰਤ ਨਾਲ  ਨੇੜਿਓਂ ਸਾਂਝ ਪਾ ਲੈਂਦੇ ਹਾਂ ਉਥੇ ਹੀ ਨੈਤਿਕ ਫਰਜ਼ਾਂ ਨੂੰ ਵੀ ਪੂਰਾ ਕਰਨ ਦੇ ਸਮਰੱਥ ਬਣਦੇ ਹਾਂ।


ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਜਗਮੋਹਨੀ ਗਾਬਾ ਨੇ ਕਾਲਜ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਐਨ.ਐਸ.ਐਸ ਕੈਂਪ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਵਲੰਟੀਅਰਾਂ ਨੂੰ ਮੁਬਾਰਕਬਾਦ ਭੇਟ ਕੀਤੀ। ਉਨ੍ਹਾਂ ਕਿਹਾ ਕਿ ਚੌਗਿਰਦੇ ਨੂੰ ਸਾਫ਼ ਸੁਥਰਾ ਰੱਖਣ ਦੇ ਨਾਲ ਨਾਲ ਆਪਣੇ ਮਨ ਵਿੱਚ ਵੀ ਰੋਜ਼ਾਨਾ ਦੇ ਆਧਾਰ ‘ਤੇ ਚੰਗੇ ਵਿਚਾਰ ਭਰਨ ਦੀ ਲੋੜ ਹੈ ਤਾਂ ਜੋ ਆਪਾਂ ਆਪਣੇ ਜੀਵਨ ਪੱਧਰ ਨੂੰ ਵਧੇਰੇ ਮਜ਼ਬੂਤ ਕਰ ਸਕੀਏ। ਇਸ ਦੌਰਾਨ ਵਲੰਟੀਅਰਾਂ ਵੱਲੋਂ ਵੱਖ ਵੱਖ ਸਭਿਆਚਾਰਕ ਗਤੀਵਿਧੀਆਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਕਾਲਜ ਪ੍ਰਬੰਧਕੀ ਕਮੇਟੀ ਦੀ ਤਰਫੋਂ ਡਿਪਟੀ ਕਮਿਸ਼ਨਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਜਦਕਿ ਡਿਪਟੀ ਕਮਿਸ਼ਨਰ ਵੱਲੋਂ ਵੀ ਐਨ.ਐਸ.ਐਸ ਕੈਂਪ ਦੀ ਸਫ਼ਲਤਾ ਵਿੱਚ ਯੋਗਦਾਨ ਪਾਉਣ ਵਾਲੀਆਂ ਵਲੰਟੀਅਰ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਅਤੇ ਕਾਲਜ ਸਟਾਫ਼ ਮੌਜੂਦ ਸੀ।

LEAVE A REPLY

Please enter your comment!
Please enter your name here