ਮਾਨਸਾ 1 ਜਨਵਰੀ: (ਸਾਰਾ ਯਹਾਂ/ਮੁੱਖ ਸੰਪਾਦਕ) 17 ਵੀਂ ਸੀਨੀਅਰ ਨੈਸ਼ਨਲ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਦੌਰਾਨ ਪੰਜਾਬ ਦੀ ਟੀਮ ਵੱਲੋਂ ਗੋਲਡ ਮੈਡਲ ਹਾਸਲ ਕਰਨ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੋਨੀ ਝੰਡਾ ਕਲਾਂ ਦਾ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਵੱਲ੍ਹੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲ੍ਹੋਂ ਸਨਮਾਨ ਦੇਣ ਦੀ ਰਸਮ ਅਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲ੍ਹੋਂ ਖੇਡਾਂ ਸਬੰਧੀ ਬਣਾਈ ਗਈ ਖੇਡ ਨੀਤੀ ਤੋਂ ਬਾਅਦ ਹੁਣ ਚੰਗੇ ਨਤੀਜੇ ਆਉਣ ਲੱਗੇ ਹਨ। ਐਸੋਸੀਏਸ਼ਨ ਵੱਲੋਂ ਕਬੱਡੀ ਖਿਡਾਰੀ ਨੂੰ ਪੰਜ ਹਜ਼ਾਰ ਰੁਪਏ ਦਾ ਨਕਦ ਇਨਾਮ ਵੀ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਬੱਡੀ ਖਿਡਾਰੀ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਇਹ ਖਿਡਾਰੀ ਜੇਕਰ ਇਸੇ ਤਰ੍ਹਾਂ ਹੀ ਸਮਰਪਿਤ ਭਾਵਨਾ ਨਾਲ ਖੇਡਦਾ ਰਿਹਾ ਤਾਂ ਅੰਤਰਰਾਸ਼ਟਰੀ ਪੱਧਰ ‘ਤੇ ਹੋਰ ਵੱਡੀਆਂ ਉਪਲੱਬਧੀਆਂ ਹਾਸਲ ਕਰੇਗਾ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਵਰਗੀਆਂ ਅਲਾਮਤਾਂ ਨੂੰ ਛੱਡਕੇ ਕਹ ਖੇਡਾਂ ਦੇ ਮੈਦਾਨਾਂ ਵਿੱਚ ਨਿਤਰਣ। ਉਨ੍ਹਾਂ ਕਿਹਾ ਕਿ ਚੰਗੇ ਖਿਡਾਰੀ ਨਾ ਸਿਰਫ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਦੇ ਹਨ, ਸਗੋਂ ਦੇਸ਼ ਨੂੰ ਵੀ ਉਨ੍ਹਾਂ ‘ਤੇ ਮਾਣ ਮਹਿਸੂਸ ਹੁੰਦਾ ਹੈ।
ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਅਮਨ ਸਿੰਗਲਾ ਨੇ ਕਿਹਾ ਕਿ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ ਅਤੇ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ ਜਾਵੇਗੀ।
ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਬਹਿਣੀਵਾਲ, ਕਬੱਡੀ ਕੋਚ ਬੁੱਧ ਸਿੰਘ ਭੀਖੀ, ਹਰਦੀਪ ਸਿੰਘ ਸਿੱਧੂ, ਮਨੋਹਰ ਰਿਸ਼ੀ ਵੀ ਹਾਜ਼ਰ ਸਨ।