*ਕੌਮੀ ਡਾਕਟਰ ਦਿਹਾੜੇ ‘ਤੇ ਹੀ ਹੜਤਾਲ ‘ਤੇ ਪੰਜਾਬ ਦੇ ਡਾਕਟਰ, ਕੈਪਟਨ ਸਰਕਾਰ ਨੂੰ ਚੇਤਾਵਨੀ*

0
22

ਬਰਨਾਲਾ 01,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਅੱਜ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਡਾਕਟਰਾਂ ਵੱਲੋਂ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਪਰ ਪੰਜਾਬ ਦੇ ਡਾਕਟਰ ਸਰਕਾਰ ਤੋਂ ਖਫਾ ਹੋ ਕੇ ਹੜਤਾਲ ਉੱਪਰ ਹਨ। ਸਰਕਾਰ ਵੱਲੋਂ ਲਾਗੂ ਛੇਵੇਂ ਪੇ ਕਮਿਸ਼ਨ ਵਿੱਚ ਸਰਕਾਰੀ ਡਾਕਟਰਾਂ ਦੇ ਐਨਪੀਏ ਫੰਡ ਵਿੱਚ ਕੀਤੀ ਕਟੌਤੀ ਨੂੰ ਲੈ ਕੇ ਸਰਕਾਰੀ ਡਾਕਟਰ ਸਰਕਾਰ ਨਾਰਾਜ਼ ਹਨ। ਇਸ ਲਈ ਅੱਜ ਅੰਤਰਰਾਸ਼ਟਰੀ ਡਾਕਟਰ ਦਿਵਸ ਮੌਕੇ ਵੀ ਲਗਾਤਾਰ ਤੀਸਰੇ ਦਿਨ ਹੜਤਾਲ ਜਾਰੀ ਰਹੀ ਤੇ ਡਾਕਟਰਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਡਾਕਟਰ ਐਸੋਸੀਏਸ਼ਨ ਦੇ ਲੀਡਰਾਂ ਨੇ ਦੱਸਿਆ ਕਿ ਅੱਜ ਦੇ ਖ਼ੁਸ਼ੀ ਵਾਲੇ ਦਿਨ ਵੀ ਸਾਨੂੰ ਮਜਬੂਰੀਵੱਸ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।   ਲਗਾਤਾਰ ਤੀਸਰੇ ਦਿਨ ਹੜਤਾਲ ਹੋਣ ਕਰਕੇ ਮਰੀਜ਼ਾਂ ਨੂੰ ਵੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਮੌਕੇ ਡਾਕਟਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਹੜਤਾਲ ਹੋਰ ਵੀ ਵਧ ਸਕਦੀ ਹੈ। ਕੋਈ ਹੋਰ ਤਿੱਖਾ ਐਕਸ਼ਨ ਲੈ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਸਿਹਤ ਸਹੂਲਤਾਂ ‘ਤੇ ਬੁਰਾ ਪ੍ਰਭਾਵ ਪਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀ ਹੋਵੇਗੀ।

ਇਸ ਮੌਕੇ ਦਵਾਈ ਲੈਣ ਆਏ ਮਰੀਜ਼ਾਂ ਨੇ ਵੀ ਦੱਸਿਆ ਕਿ ਪੰਜਾਬ ਸਰਕਾਰ ਨੂੰ ਡਾਕਟਰਾਂ ਦੀਆਂ ਹੱਕੀ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਦੂਰੋਂ-ਦੂਰੋਂ ਆਏ ਮਰੀਜ਼ਾਂ ਨੇ ਦੱਸਿਆ ਕਿ ਅਸੀਂ ਵੀ ਖੱਜਲ-ਖੁਆਰ ਹੋ ਰਹੇ ਹਾਂ ਤੇ ਬਿਨਾਂ ਦਵਾਈ ਲਏ ਵਾਪਸ ਜਾ ਰਹੇ ਹਾਂ ਜਾਂ ਫਿਰ ਪ੍ਰਾਈਵੇਟ ਡਾਕਟਰਾਂ ਕੋਲੋਂ ਦਵਾਈ ਲੈਣ ਲਈ ਮਜਬੂਰੀਵੱਸ ਵੱਧ ਪੈਸਾ ਖਰਚ ਕਰਨਾ ਪਵੇਗਾ।

ਡਾਕਟਰਾਂ ਨੇ ਆਪਣੇ ਇੱਕੋ ਇੱਕ ਸਪਸ਼ਟ ਮੰਗ ਨੂੰ ਫਿਰ ਦੁਹਰਾਇਆ ਕਿ ਪੰਜਾਬ ਸਰਕਾਰ ਵੱਲੋਂ ਕਟੌਤੀ ਕੀਤੇ ਗਏ ਐੱਨਪੀਏ ਫੰਡ ਨੂੰ ਬਹਾਲ ਕੀਤਾ ਜਾਵੇ ਤੇ 25 ਪ੍ਰਤੀਸ਼ਤ ਤੋਂ ਵਧਾ ਕੇ ਤੇਤੀ ਪ੍ਰਤੀਸ਼ਤ ਕੀਤਾ ਜਾਵੇ। ਜਿੰਨਾ ਚਿਰ ਮੁੱਖ ਮੰਗ ਨਹੀਂ ਮੰਨੀ ਜਾਂਦੀ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

LEAVE A REPLY

Please enter your comment!
Please enter your name here