ਮਾਨਸਾ, 27 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਕੋਵਿਡ-19 ਦੇ ਮੱਦੇਨਜ਼ਰ ਵੱਡੀ ਮਾਤਰਾ ਵਿਚ ਪ੍ਰਵਾਸੀ ਲੋਕਾਂ ਦੇ ਪੰਜਾਬ ‘ਚੋਂ ਚਲੇ ਜਾਣ ਕਰਕੇ ਖੇਤੀ, ਉਦਯੋਗ ਅਤੇ ਹੋਰ ਬਹੁਤ ਸਾਰੇ ਕੰਮਕਾਜ ਪ੍ਰਭਾਵਿਤ ਹੋਏ ਹਨ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਡਿਮਾਂਡ ਅਤੇ ਸਪਲਾਈ ਦੀ ਪੂਰਤੀ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਤਹਿਤ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਇਸ ਸਬੰਧੀ ਅੱਜ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮਾਨਸਾ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਚ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਇਸ ਸਬੰਧੀ ਡਿਮਾਂਡ ਅਤੇ ਸਪਲਾਈ ਦੀ ਪੂਰਤੀ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਆਨ-ਲਾਈਨ ਰਜਿਸ਼ਟ੍ਰੇਸ਼ਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਗੂਗਲ ਫਾਰਮ ਦੇ ਵਿੱਚ ਲਿੰਕ ਤਿਆਰ ਕੀਤੇ ਗਏ ਹਨ, ਜਿੱਥੇ ਕਿ ਪੜ੍ਹੇ ਲਿਖੇ ਅਤੇ ਅਨਪੜ੍ਹ ਬੇਰੋਜ਼ਗਾਰ ਪ੍ਰਾਰਥੀ ਆਪਣੇ ਆਪ ਨੂੰ ਰਜਿਸ਼ਟਰਡ ਕਰ ਸਕਦੇ ਹਨ ਅਤੇ ਰੋਜ਼ਗਾਰ ਦੇ ਮੌਕੇ ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੇਕਰ ਕਿਸੇ ਵੀ ਨਿਯੋਜਕ ਨੂੰ ਆਪਣੇ ਕਾਰਖਾਨੇ, ਦੁਕਾਨਾਂ, ਭੱਠੇ, ਰਾਇਸ ਸ਼ੈਲਰ ਅਤੇ ਖੇਤ ਮਜਦੂਰਾਂ ਦੀ ਜਰੂਰਤ ਹੈ ਤਾਂ ਉਹ ਵੀ ਆਪਣੇ ਆਪ ਨੂੰ ਇਸ ਦਫ਼ਤਰ ਦੇ ਗੂਗਲ ਫਾਰਮ ਦੇ ਲਿੰਕ ਉੱਤੇ ਰਜਿਸ਼ਟਰਡ ਕਰ ਸਕਦਾ ਹੈ ਤਾਂ ਜੋ ਦਫ਼ਤਰ ਵੱਲੋਂ ਨਿਯੋਜਕ ਵੱਲੋਂ ਪ੍ਰਾਪਤ ਡਿਮਾਡ ਦੀ ਪੂਰਤੀ ਕੀਤੀ ਜਾ ਸਕੇ। ਇਸ ਤੋਂ ਇਲਾਵਾ ਸਵੈ ਰੋਜ਼ਗਾਰ ਦੇ ਮੌਕਿਆਂ ਲਈ ਜਿਵੇਂ ਕਿ ਡੇਅਰੀ ਅਤੇ ਪੋਲਟਰੀ ਫਾਰਮ, ਮੱਛੀ ਪਾਲਣ ਦਾ ਕੰਮ, ਸੈਲਫ ਹੈਲਪ ਗਰੁੱਪ, ਕਰਿਆਨਾ/ਬੇਕਰੀ ਦੀ ਦੁਕਾਨ, ਮੈਨੂੰਫੇਕਚਰਿੰਗ ਅਤੇ ਸਰਵਿਸ ਸੈਕਟਰ ਅਤੇ ਖੇਤੀਬਾੜੀ ਦੇ ਉਪਕਰਨਾ ਲਈ ਪ੍ਰਾਰਥੀ ਇਸ ਦਫ਼ਤਰ ਦੇ ਇੱਕ ਹੋਰ ਗੂਗਲ ਫਾਰਮ ਦੇ ਲਿੰਕ ਉੱਤੇ ਰਜਿਸਟਰਡ ਕਰ ਸਕਦਾ ਹੈ। ਉਪਰੋਕਤ ਦੇ ਸਬੰਧ ਵਿੱਚ ਕੋਈ ਵੀ ਨਿਯੋਜਕ, ਸਵੈ ਰੋਜ਼ਗਾਰ ਦੇ ਚਾਹਵਾਨ ਅਤੇ ਪੜ੍ਹੇ ਲਿਖੇ ਤੇ ਅਨਪੜ੍ਹ ਬੇਰੋਜ਼ਗਾਰ ਪ੍ਰਾਰਥੀ ਦਫ਼ਤਰ ਦੀ ਈ-ਮੇਲ degtmansa@gmail.com ਅਤੇ 94641-78030 ਉੱਤੇ ਸੰਪਰਕ ਕਰ ਸਕਦੇ ਹਨ। ਚਾਹਵਾਨ ਪ੍ਰਾਰਥੀਆਂ ਨੂੰ ਉਹਨਾਂ ਦੀ ਸਹੂਲਤ ਲਈ ਇਹ ਲਿੰਕ ਵਟਸਐਪ ਰਾਹੀਂ ਵੀ ਭੇਜੇ ਜਾ ਰਹੇ ਹਨ