
ਚੰਡੀਗੜ੍ਹ ,(ਸਾਰਾ ਯਹਾ, ਬਲਜੀਤ ਸ਼ਰਮਾ)6 ਅਪ੍ਰੈਲ ਪੰਜਾਬ ਰਾਜ ਵਿੱਚ ਕੋਵਿਡ 19 ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲੲਈ ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਦਸਤਾਨੇ, ਇੰਫਰਾ ਰੈਡ ਥਰਮਾਮੀਟਰ, ਸੈਨੀਟਾਈਜ਼ਰ, ਹਾਈਪੋਕਲੋਰਾਈਟ ਘੋਲ, ਐਂਟੀ-ਵਾਇਰਲ ਡਰੱਗਜ਼, ਪੈਰਾਸੀਟਾਮੋਲ ਦੇ ਨਾਲ ਲਗਭਗ 2500 ਪੀਪੀਈ ਕਿੱਟਾਂ, 25000 ਐਨ 95 ਮਾਸਕ ਅਤੇ 7 ਲੱਖ ਟ੍ਰਿਪਲ ਲੇਅਰ ਮਾਸਕ ਅਤੇ ਐਂਟੀਬਾਇਓਟਿਕਸ ਆਦਿ ਮੌਜੂਦਾ ਸਮੇਂ ਦੀ ਮੰਗ ਤੋਂ ਕਿਤੇ ਜ਼ਿਆਦਾ ਉਪਲਬਧ ਹਨ ।
ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਨੇ ਇੱਕ ਪ੍ਰੈਸ ਬਿਆਨ ਰਾਹੀ ਕਰਦਿਆਂ ਕਿਹਾ ਕਿ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਦੇ ਸਿਹਤ ਵਿਭਾਗ ਨਾਲ ਮਿਲ ਕੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕਾਰਜਸ਼ੀਲ ਹੈ ਕਿ ਇਲਾਜ ਲਈ ਲੋੜੀਂਦਾ ਸਾਜ਼ੋ ਸਾਮਾਨ ਸਮੇਂ ਸਿਰ ਸਰਕਾਰੀ ਮੈਡੀਕਲ ਕਾਲਜ ਨੂੰ ਮਿਲਦਾ ਰਹੇ।
ਉਨ੍ਹਾਂ ਕਿਹਾ ਕਿ ਸਟਾਕਾਂ ਦੀ ਭਰਪਾਈ ਹਰ ਦੂਜੇ ਦਿਨ ਕੀਤੀ ਜਾ ਰਹੀ ਹੈ ਜਿਵੇਂ ਹੀ ਸਪਲਾਈ ਕੇਂਦਰੀ ਸਟੋਰਾਂ ਵਿੱਚ ਆਉਂਦੀ ਹੈ ਉਵੇਂ ਹੀ ਇਹ ਸਪਲਾਈ ਅੱਗੇ ਭੇਜ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਮੈਡੀਕਲ ਕਾਲਜ ਦੇ ਹਸਪਤਾਲਾਂ ਨੂੰ ਇਸ ਐਮਰਜੈਂਸੀ ਲਈ ਵਾਧੂ ਖਰੀਦ ਸ਼ਕਤੀਆਂ ਦਿੱਤੀਆਂ ਗਈਆਂ ਹਨ ਜਿਸ ਲਈ ਤਕਰੀਬਨ 4 ਕਰੋੜ ਰੁਪਏ ਦੀ ਰਾਸ਼ੀ ਅਡਵਾਂਸ ਦਿੱਤੀ ਜਾ ਰਹੀ ਹੈ।
ਸ੍ਰੀ ਤਿਵਾੜੀ ਨੇ ਕਿਹਾ ਕਿ ਇਸ ਬੀਮਾਰੀ ਦੇ ਟਾਕਰੇ ਲਈ ਲਾਗੂ ਸਟੇਟ ਪ੍ਰੋਟੋਕੋਲ ਜਿਸ ਅਨੁਸਾਰ ਮਰੀਜ਼ਾਂ ਦੀ ਵੰਡ, ਟੈਸਟਿੰਗ, ਖੁਰਾਕ, ਬਾਇਓਮੈਡੀਕਲ ਕੂੜੇ ਅਤੇ ਮੌਤ ਤੋਂ ਬਾਅਦ ਤੱਕ ਦੇ ਪ੍ਰੋਟੋਕੋਲ ਨੂੰ ਇੰਨ ਬਿੰਨ ਲਾਗੂ ਕੀਤਾ ਜਾ ਰਿਹਾ ਹੈ।
