
ਚੰਡੀਗੜ, 28 ਮਾਰਚ(ਸਾਰਾ ਯਹਾਂ /ਮੁੱਖ ਸੰਪਾਦਕ) :ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਕਿਹਾ ਕਿ ਹੁਣ ਕੋਵਿਡ-19 ਟੀਕਾਕਰਨ ਸਾਰੇ ਸਿਹਤ ਤੇ ਤੰਦਰੁਸਤੀ ਕੇਂਦਰਾਂ, ਸਬ ਸੈਂਟਰਾਂ, ਹੋਮਿਓਪੈਥੀ ਅਤੇ ਆਯੁਰਵੈਦਿਕ ਡਿਸਪੈਂਸਰੀਆਂ ਵਿਖੇ ਕੀਤਾ ਜਾਵੇਗਾ।ਕੋਵਿਡ-19 ਟੀਕਾਕਰਨ ਦੀ ਸੁਵਿਧਾ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਲਈ ਬਿਨਾਂ ਕਿਸੇ ਸ਼ਰਤ ਦੇ 1 ਅਪ੍ਰੈਲ ਤੋਂ ਸਾਰੇ ਸਰਕਾਰੀ ਸਿਹਤ ਕੇਂਦਰਾਂ ’ਤੇ ਉਪਲੱਬਧ ਹੋਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਕਿਹਾ ਕਿ ਹੁਣ ਤੱਕ ਤਕਰੀਬਨ 7 ਲੱਖ ਆਬਾਦੀ ਦਾ ਟੀਕਾਕਰਨ ਕੀਤਾ ਗਿਆ ਹੈ ਅਤੇ ਲੋਕਾਂ ਦੇ ਦਰ ’ਤੇ ਟੀਕਾਕਰਨ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਸਰਕਾਰੀ ਸਿਹਤ ਕੇਂਦਰਾਂ ਅਤੇ ਡਿਸਪੈਂਸਰੀਆਂ/ਹਸਪਤਾਲਾਂ ਵਿਚ ਅਜਿਹੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਮੁਹਿੰਮ ਦੇ ਤਹਿਤ ਸਾਰੀਆਂ ਗਤੀਵਿਧੀਆਂ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਜਿਵੇਂ ਇੱਕ ਦੂਜੇ ਤੋਂ ਸਮਜਿਕ ਵਿੱਥ ਬਣਾ ਕੇ ਰੱਖਣਾ, ਮਾਸਕ ਪਾਉਣਾ ਅਤੇ ਸਾਫ਼-ਸਫ਼ਾਈ ਤੇ ਸਵੱਛਤਾ ਬਣਾ ਕੇ ਰੱਖਣਾ ਆਦਿ ਦੀ ਪੂਰੀ ਤਰਾਂ ਪਾਲਣਾ ਕਰਦਿਆਂ, ਕੀਤੀਆਂ ਜਾਂਦੀਆਂ ਹਨ।ਉਨਾਂ ਕਿਹਾ ਕਿ ਸਾਰੇ ਸਿਵਲ ਸਰਜਨਾਂ ਨੂੰ ਜਲਦ ਤੋਂ ਜਲਦ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਅਜਿਹੇ ਕੇਂਦਰਾਂ ਵਿੱਚ ਟੀਕਾਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਅਤੇ ਵੱਧ ਤੋਂ ਵੱਧ ਯੋਗ ਵਿਅਕਤੀਆਂ ਨੂੰ ਮੁਹਿੰਮ ਅਧੀਨ ਕਵਰ ਕੀਤਾ ਜਾ ਸਕੇ।ਮਾਹਿਰਾਂ ਅਨੁਸਾਰ ਕੋਵਿਡ-19 ਵਾਇਰਸ ਦਾ ਨਵਾਂ ਸਰੂਪ ਤੇਜ਼ੀ ਨਾਲ ਫੈਲਣ ਵਾਲਾ ਅਤੇ ਤੀਬਰ ਹੈ, ਇਸ ਲਈ ਟੀਕਾਕਰਨ ਕਰਵਾਉਣਾ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਉਨਾਂ ਕਿਹਾ ਕਿ ਹੁਣ ਕੋਈ ਵੀ ਆਸਾਨੀ ਨਾਲ ਆਪਣੀ ਰਿਹਾਇਸ਼ ਨੇੜੇ ਟੀਕਾਕਰਨ ਦੀ ਸਹੂਲਤ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਸਾਰੇ ਸਰਕਾਰੀ ਸਿਹਤ ਕੇਂਦਰਾਂ ਨੂੰ ਟੀਕਾ ਲਗਉਣ ਦੀ ਹਦਾਇਤ ਕੀਤੀ ਗਈ ਹੈ।ਟੀਕੇ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਭਾਰਤ ਸਰਕਾਰ ਨੇ ਦੇਸ਼ ਵਿਚ ਦੋ ਕੋਵਿਡ-19 ਟੀਕਿਆਂ ਅਰਥਾਤ ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਦੋਵੇਂ ਟੀਕੇ ਸੁਰੱਖਿਅਤ ਹਨ ਅਤੇ ਭਾਰਤ ਵਿੱਚ ਲਗਭਗ 40 ਮਿਲੀਅਨ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ ਜਦੋਂਕਿ ਪੰਜਾਬ ਵਿਚ 27 ਮਾਰਚ ਤੱਕ ਕੱੁਲ 2,96,593 ਹੈਲਥਕੇਅਰ ਅਤੇ ਫਰੰਟਲਾਈਨ ਵਰਕਰਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਅਤੇ 98,496 ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।ਉਨਾਂ ਦੱਸਿਆ ਕਿ 60 ਸਾਲ ਤੋਂ ਵੱਧ ਉਮਰ ਅਤੇ ਹੋਰਨਾਂ ਬਿਮਾਰੀਆਂ ਤੋਂ ਪੀੜਤ 45 ਸਾਲ ਤੋਂ ਵੱਧ ਉਮਰ ਦੇ ਕੁੱਲ 3,92,415 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ ਹੈ।ਉਨਾਂ ਅੱਗੇ ਦੱਸਿਆ ਕਿ ਸਰਕਾਰੀ ਸਿਹਤ ਸਹੂਲਤਾਂ ਵਿਚ ਹਫ਼ਤੇ ਦੇ ਸਾਰੇ ਦਿਨਾਂ ਦੌਰਾਨ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਇੱਥੇ ਇਹ ਪੂਰੀ ਤਰਾਂ ਮੁਫਤ ਹੈ। ਪ੍ਰਾਈਵੇਟ ਹਸਪਤਾਲਾਂ ਲਈ ਸਰਕਾਰ ਨੇ ਟੀਕੇ ਦੀ ਹਰੇਕ ਖੁਰਾਕ ਲਈ ਵੱਧ ਤੋਂ ਵੱਧ 250 ਰੁਪਏ ਫੀਸ ਤੈਅ ਕੀਤੀ ਹੈ। ਕੋਈ ਵੀ ਯੋਗ ਨਾਗਰਿਕ ਟੀਕਾਕਰਨ ਲਈ @…@ ਜਾਂ ਆਰੋਗਿਆ ਸੇਤੂ ਐਪ ’ਤੇ ਰਜਿਸਟਰ ਕਰ ਸਕਦਾ ਹੈ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਸੁਰੱਖਿਆ ਲਈ ਟੀਕਾਕਰਨ ਕਰਵਾਉਣ ਕਿਉਂਕਿ ਇਸ ਮਾਰੂ ਵਾਇਰਸ ਨਾਲ ਲੜਨ ਲਈ ਟੀਕਾਕਰਨ ਸਭ ਤੋਂ ਕਾਰਗਰ ਹਥਿਆਰ ਹੈ।ਉਨਾਂ ਕਿਹਾ ਕਿ ਲੋਕਾਂ ਨੂੰ ਅਫਵਾਹਾਂ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਅਤੇ ਸ਼ਡਿਊਲ ਅਨੁਸਾਰ ਆਪਣਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ———
