ਚੰਡੀਗੜ,07,ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ): ਉੱਚ ਜੋਖਮ ਵਾਲੀ ਆਬਾਦੀ ਵਿਚ ਕੋਵਿਡ -19 ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਅੱਜ ਸਾਰੇ ਸਰਕਾਰੀ ਹਸਪਤਾਲਾਂ ਵਿਚ ‘ਵਿਸ਼ਵ ਸਿਹਤ ਦਿਵਸ’ ਮਨਾਇਆ।ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਜਿਲਿਆਂ ਦੇ ਨਿਰਧਾਰਤ ਟੀਚੇ ਅਨੁਸਾਰ ਵੱਧ ਤੋਂ ਵੱਧ ਲੋਕਾਂ ਨੂੰ ਟੀਕੇ ਲਗਾਉਣ ਦੇ ਉਦੇਸ਼ ਨਾਲ “ਸਿਹਤਮੰਦ ਅਤੇ ਨਿਰਪੱਖ ਵਿਸ਼ਵ ਦਾ ਨਿਰਮਾਣ” ਵਿਸ਼ੇ ‘ਤੇ ਸਰਕਾਰੀ ਹਸਪਤਾਲਾਂ ਵਿੱਚ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਉਨਾਂ ਦੱਸਿਆ ਕਿ ਇਹ ਦਿਵਸ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਉਨਾਂ ਦੀ ਸਿਹਤ ਅਤੇ ਭਲਾਈ ਲਈ ਵਿਸ਼ੇਸ਼ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ ਜਾ ਸਕੇ ਅਤੇ ਉਨਾਂ ਨੂੰ ਸ਼ਰੀਰਕ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਬਣਾਉਣ ਦੇ ਨਾਲ-ਨਾਲ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।ਸ. ਸਿੱਧੂ ਨੇ ਦੱਸਿਆ ਕਿ ਜ਼ਿਲਾ ਪੱਧਰ ’ਤੇ ਕੋਵਿਡ-19 ਟੀਕਾਕਰਨ ਅਤੇ ਸਾਰੇ ਜ਼ਿਲਿਆਂ ਵਿੱਚ ਪਿੰਡ ਪੱਧਰ ’ਤੇ ਕੋਵਿਡ -19 ਸਬੰਧੀ ਨਿਯਮਾਂ ਦੀ ਪਾਲਣਾ ਕਰਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਧਾਰਮਿਕ ਸੰਸਥਾਵਾਂ, ਗੈਰ ਸਰਕਾਰੀ ਸੰਸਥਾਵਾਂ (ਐਨ.ਜੀ.ਓਜ਼) ਅਤੇ ਭਲਾਈ ਕਲੱਬਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਮਹਾਂਮਾਰੀ ਦੌਰਾਨ ਸੁਰੱਖਿਅਤ ਰਹਿਣ ਲਈ ਯੋਗ ਲੋਕਾਂ ਨੂੰ ਆਪਣੇ ਨਜਦੀਕੀ ਟੀਕਾਕਰਨ ਕੇਂਦਰ ਜਾ ਕੇ ਟੀਕਾ ਲਗਵਾਉਣ ਲਈ ਉਤਸਾਹਿਤ ਕਰਨ।ਸਿਹਤ ਮੰਤਰੀ ਨੇ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਕੋਵਿਡ -19 ਦਾ ਟੀਕਾ ਮੁਫ਼ਤ ਲਗਾਇਆ ਜਾ ਰਿਹਾ ਹੈ। ਇਹ ਟੀਕਾਕਰਨ ਬਿਨਾਂ ਕਿਸੇ ਭੇਦਭਾਵ ਤੋਂ ਕੀਤਾ ਜਾ ਰਿਹਾ ਹੈ ਅਤੇ ਇਹ ਸੁਰੱਖਿਅਤ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਾਕਰਨ ਮੁਹਿੰਮ ਵਿਚ ਹਿੱਸਾ ਲੈਣ ਅਤੇ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਟੀਕਾਕਰਨ ਲਈ ਅੱਗੇ ਆਉਣ।