*ਕੋਵਿਡ ਤੋਂ ਬਚਾਅ ਲਈ ਅਨਾਜ ਮੰਡੀਆਂ ‘ਚ ਭੀੜ ਨੂੰ ਘਟਾਉਣ ਲਈ ਆਰਜ਼ੀ ਖਰੀਦ ਕੇਂਦਰ ਲਾਹੇਵੰਦ ਸਾਬਤ ਹੋ ਰਹੇ ਹਨ: ਡਿਪਟੀ ਕਮਿਸ਼ਨਰ*

0
17

ਮਾਨਸਾ, 18 ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ) :ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪਰ੍ਸ਼ਾਸਨ ਵੱਲੋਂ ਜਿਥੇ ਸੈਂਪਲਿੰਗ ਤੇ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ ਉਥੇ ਹੀ ਅਨਾਜ ਮੰਡੀਆਂ ਵਿਖੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵੀ ਪੂਰੀ ਸਰਗਰਮੀ ਨਾਲ ਕਾਰਜ ਅਮਲ ਵਿੱਚ ਲਿਆਂਦੇ ਜਾ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ ਦੀ ਰੋਕਥਾਮ ਲਈ ਜਾਰੀ ਸਿਹਤ ਸਲਾਹਾਂ ਦੀ ਪਾਲਣਾ ਵਜੋਂ ਜ਼ਿਲ੍ਹੇ ਵਿੱਚ ਪਹਿਲਾਂ ਤੋਂ ਸਥਾਪਤ ਅਨਾਜ ਮੰਡੀਆਂ ਵਿੱਚ ਵਾਧੂ ਦੀ ਭੀੜ ਨੂੰ ਰੋਕਣ ਲਈ ਆਰਜ਼ੀ ਤੌਰ ‘ਤੇ 40 ਹੋਰ ਖਰੀਦ ਕੇਂਦਰ ਵੀ ਸਥਾਪਤ ਕੀਤੇ ਗਏ ਹਨ ਤਾਂ ਕਿ ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ ਸਮੇਤ ਹੋਰ ਵਰਗਾਂ ਦੀ ਗਿਣਤੀ ਵਧਣ ਨਾਲ ਭੀੜ ਹੋਣ ਦੀ ਕਿਸੇ ਵੀ ਸੰਭਾਵਨਾ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਖਰੀਦ ਕਾਰਜਾਂ ਨੂੰ ਤਰਜੀਹੀ ਤੌਰ ‘ਤੇ ਮੁਕੰਮਲ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨੂੰ ਅਮਲ ਵਿੱਚ ਲਿਆਉਣ ਲਈ ਵਿਉਂਤਬੱਧ ਉਪਰਾਲੇ ਕੀਤੇ ਗਏ ਹਨ ਕਿਉਂਕਿ ਮੰਡੀਆਂ ਵਿੱਚ ਸਮੁੱਚੇ ਸੀਜ਼ਨ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਆੜਹ੍ਤੀਆਂ ਤੇ ਟਰਾਂਸਪੋਰਟਰਾਂ ਦੀ ਆਮਦ ਹੁੰਦੀ ਹੈ ਅਤੇ ਅਜਿਹੇ ਵੇਲੇ ਕੋਵਿਡ ਤੋਂ ਬਚਾਅ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ ਜਿਸ ਦੇ ਮੱਦੇਨਜ਼ਰ ਖਰੀਦ ਕਾਰਜਾਂ ਵਿੱਚ ਜੁਟੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸੁੱਕੀ ਫ਼ਸਲ ਦੀ ਨਾਲੋ ਨਾਲ ਖਰੀਦ ਕਰਦਿਆਂ ਲਿਫਟਿੰਗ ਕੀਤੀ ਜਾਵੇ ਤਾਂ ਜੋ ਮੰਡੀਆਂ ਵਿੱਚ ਕਿਸੇ ਵੀ ਹਾਲਤ ਵਿੱਚ ਭੀੜ ਵਾਲੇ ਹਾਲਾਤ ਪੈਦਾ ਨਾ ਹੋਣ।
ਇਸ ਤੋਂ ਇਲਾਵਾ ਮੰਡੀਆਂ ਵਿੱਚ ਅਨਾਜ ਦੀ ਖਰੀਦ ਲਈ 30×30 ਫੁੱਟ ਦੇ ਦਾਇਰੇ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿਸ ਵਿੱਚ ਹਰ ਕਿਸਾਨ ਆਪਣੀ ਫ਼ਸਲ ਨੂੰ ਉਤਾਰ ਰਹੇ ਹਨ ਤਾਂ ਜੋ ਸਮਾਜਕ ਦੂਰੀ ਦੇ ਨਿਯਮ ਦੀ ਪਾਲਣਾ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਨਾਜ ਮੰਡੀਆਂ ਵਿਖੇ ਕੋਵਿਡ ਟੀਕਾਕਰਨ ਕੈਂਪ ਵੀ ਲਗਵਾਏ ਜਾ ਰਹੇ ਹਨ ਤਾਂ ਜੋ ਖਰੀਦ ਨਾਲ ਸਬੰਧਤ ਹਰੇਕ ਵਰਗ ਦੇ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਹੋ ਸਕੇ ਅਤੇ ਉਹ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਤੋਂ ਬਚ ਸਕਣ. ਸ੍ਰੀ ਮਹਿੰਦਰ ਪਾਲ ਨੇ ਕਿਹਾ ਕਿ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਲਈ ਸਬ ਡਵੀਜ਼ਨ ਪੱਧਰ ‘ਤੇ ਟੀਮਾਂ ਸਰਗਰਮ ਹਨ ਅਤੇ ਕਿਸਾਨਾਂ ਨੂੰ ਹਰੇਕ ਤਰ੍ਹਾਂ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਸਮੁੱਚੇ ਸੀਜ਼ਨ ਦੌਰਾਨ ਕੋਵਿਡ ਤੋਂ ਬਚਾਅ ਰੱਖਿਆ ਜਾ ਸਕੇ।

LEAVE A REPLY

Please enter your comment!
Please enter your name here