ਮਾਨਸਾ, 7 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਤਲਵੰਡੀ ਸਾਬੋ ਪਾਵਰ ਪਲਾਂਟ ਲਿਮ. ਬਣਾਂਵਾਲੀ ਵਿਖੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਮਜਦੂਰਾਂ ਨੂੰ ਠੇਕੇਦਾਰਾਂ ਵਲੋਂ ਪਹਿਚਾਣ ਪੱਤਰ ਲੈ ਕੇ ਕੰਮ ਤੋਂ ਹਟਾ ਦੇਣ ਦੇ ਖਿਲਾਫ ਧਰਨਾ ਲਗਾ ਦਿੱਤਾ ਗਿਆ ਹੈ। ਦਲਿਤ ਦਾਸਤਾ ਵਿਰੋਧੀ ਅੰਦੋਲਨ ਦਾ ਕਹਿਣਾ ਹੈ ਕਿ ਇਹ ਮਜਦੂਰ ਠੇਕੇਦਾਰਾਂ ਰਾਹੀਂ ਪਲਾਂਟ ਵਿਖੇ ਕੋਲਾ ਢੋਆ ਢੁਆਈ ਦਾ ਕੰਮ ਕਰਦੇ ਹਨ ਪਰ ਜਦੋਂ ਇਨ੍ਹਾਂ ਮਜਦੂਰਾਂ ਨੇ ਸਬੰਧਤ ਠੇਕੇਦਾਰ ਕੋਲ ਆਪਣੀਆਂ ਮੰਗਾਂ ਦੀ ਗੱਲ ਕੀਤੀ ਤਾਂ ਇਨ੍ਹਾਂ ਦੇ ਪਹਿਚਾਣ ਪੱਤਰ ਖੋਹ ਕੇ ਛੁੱਟੀ ਕਰ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਮਜਦੂਰ ਭੂਰਾ ਸਿੰਘ, ਬਲਤੇਜ ਸਿੰਘ, ਗੋਬਿੰਦ ਸਿੰਘ, ਹਰਜਿੰਦਰ ਸਿੰਘ, ਸਰਵਨ ਸਿੰਘ, ਗੁਰਸੇਵਕ ਸਿੰਘ, ਜਸਵੀਰ ਸਿੰਘ, ਜਸਵਿੰਦਰ ਸਿੰਘ, ਜਗਰਾਜ ਸਿੰਘ, ਮੱਖਣ ਸਿੰਘ ਆਦਿ ਨੇ ਦੱਸਿਆ ਕਿ ਉਹ ਬਣਾਂਵਾਲੀ ਪਲਾਂਟ ਵਿਖੇ ਇਕ ਕੰਪਨੀ ਨਾਲ ਲਗਾਤਾਰ ਕੰਮ ਕਰ ਰਹੇ ਹਨ ਪਰ ਜਦੋਂ ਉਨ੍ਹਾਂ ਆਪਣੀਆਂ ਮੰਗਾਂ ਦੀ ਗੱਲ ਕੀਤੀ ਤਾਂ ਕੰਪਨੀ ਦੇ ਠੇਕੇਦਾਰਾਂ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਠੇਕੇਦਾਰ ਆਪਣੀ ਮਰਜੀ ਨਾਲ ਗੇਟ ਪਾਸ ਕਰ ਦਿੰਦੇ ਹਨ। ਜਦੋਂ ਉਹ ਕੋਈ ਅਥਾਰਟੀ ਲੈਟਰ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ। ਮਜਦੂਰਾਂ ਨੇ ਕਿਹਾ ਕਿ ਲੇਬਰ ਕਾਨੂੰਨ ਮੁਤਾਬਿਕ ਸਾਨੂੰ ਬੋਨਸ ਅਤੇ ਬਣਦੇ ਭੱਤੇ ਨਹੀਂ ਦਿੱਤੇ ਜਾਂਦੇ, ਤਨਖਾਹ ਵੀ ਆਪਣੀ ਮਰਜੀ ਨਾਲ ਦਿੱਤੀ ਜਾਂਦੀ ਹੈ। ਜਦੋਂ ਕਿ ਮੈਡੀਕਲ, ਸੇਫਟੀ ਬੂਟਾਂ ਦੇ ਪੈਸੇ ਵੀ ਸਾਡੇ ਕੋਲੋਂ ਕੱਟ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਕੁੱਝ ਮਜਦੂਰਾਂ ਦੇ ਗੇਟ ਪਾਸ ਬੰਦ ਕਰ ਦਿੱਤੇ ਹਨ। ਜਿਸ ਕਰਕੇ ਉਨ੍ਹਾਂ ਧਰਨਾ ਲਗਾਇਆ ਹੈ। ਠੇਕੇਦਾਰ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣ ਰਹੇ। ਜਦੋਂ ਕਿ ਉਨ੍ਹਾਂ ਨੂੰ ਕੰਮ ਤੋਂ ਹਟਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਦਲਿਤ ਦਾਸਤਾ ਵਿਰੋਧੀ ਅੰਦੋਲਨ ਦੇ ਸੂਬਾ ਸਕੱਤਰ ਜਗਸੀਰ ਸਿੰਘ ਸੀਰਾ ਨੇ ਦੱਸਿਆ ਕਿ ਉਨ੍ਹਾਂ ਮਜਦੂਰਾਂ ਨੂੰ ਨਾਲ ਲੈ ਕੇ ਡੀ.ਸੀ ਮਾਨਸਾ ਨੂੰ ਮੰਗ ਪੱਤਰ ਦਿੱਤਾ ਹੈ, ਜਿਨ੍ਹਾਂ ਇਸ ਮਾਮਲੇ ਦੀ ਪੜਤਾਲ ਕਰਕੇ ਇਸ ਤੇ ਕਾਰਵਾਈ ਕਰਨ ਲਈ ਐਸ.ਡੀ.ਐਮ ਮਾਨਸਾ ਦੀ ਡਿਊਟੀ ਲਗਾਈ ਗਈ ਹੈ। ਸੀਰਾ ਨੇ ਮੰਗ ਕੀਤੀ ਕਿ ਸਾਰੇ ਮਜਦੂਰਾਂ ਦਾ ਕੰਮ ਬਹਾਲ ਕਰਕੇ ਉਨ੍ਹਾਂ ਨੂੰ ਬਣਦੇ ਮਾਣ ਭੱਤੇ, ਸਮੇਂ ਸਿਰ ਢੁਕਵੀਂ ਤਨਖਾਹ, ਕਾਨੂੂੰਨ ਅਨੁਸਾਰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ਨਹੀਂ ਤਾਂ ਇਸ ਨੂੰ ਲੈ ਕੇ ਅੰਦੋਲਨ ਤਿੱਖਾ ਕੀਤਾ ਜਾਵੇਗਾ।