*ਬਠਿੰਡਾ ਵਿੱਚ ਕੋਰੋਨਾ ਹਦਾਇਤਾਂ ਦੀ ਉਲੰਘਣਾ ਕਰਨ ‘ਤੇ 40 ਲੋਕਾਂ ਖਿਲਾਫ ਕੇਸ, ਮਨਪ੍ਰੀਤ ਬਾਦਲ ਦਾ ਫਰਜੰਦ ਵੀ ਸ਼ਾਮਲ*

0
104

ਬਠਿੰਡਾ 26,ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅਜਿਹੇ ‘ਚ ਸਰਕਾਰ ਵੱਲੋਂ ਕੋਰੋਨਾ ‘ਤੇ ਕਾਬੂ ਪਾਉਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ। ਇਸ ਦਰਮਿਆਨ ਸਰਕਾਰ ਦੇ ਬਣਾਏ ਕੋਰੋਨਾ ਨਿਯਮਾਂ ਦੀ ਅਣਦੇਖੀ ਵੀ ਖੂਬ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਬਠਿੰਡਾ ਵਿੱਚ ਨਵੇਂ ਬਣੇ ਮੇਅਰ ਦੀ ਤਾਜਪੋਸ਼ੀ ਸਮੇਂ ਨਾਈਟ ਪਾਰਟੀ ਦੌਰਾਨ ਭਾਰੀ ਇਕੱਠ ਕੀਤਾ ਗਿਆ।

ਇਸ ਨਾਈਟ ਪਾਰਟੀ ਵਿੱਚ ਨਵੇਂ ਕੌਂਸਲਰ, ਖ਼ਜ਼ਾਨਾ ਮੰਤਰੀ ਦੇ ਬੇਟੇ ਖੁਦ ਸ਼ਾਮਲ ਸਨ। ਦਰਅਸਲ ਬੀਤੀ 23 ਅਪ੍ਰੈਲ ਨੂੰ ਬਠਿੰਡਾ ਵਿੱਚ ਨਗਰ ਨਿਗਮ ਦੇ ਮੇਅਰ ਦੀ ਤਾਜਪੋਸ਼ੀ ਮੌਕੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਭਾਰੀ ਇੱਕਠ ਕੀਤਾ ਗਿਆ ਸੀ। ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸੀ।

ਉਸੇ ਰਾਤ ਗੋਨਿਆਣਾ ਰੋਡ ‘ਤੇ ਬਣੇ ਪੈਲੇਸ ਵਿੱਚ ਤਾਜਪੋਸ਼ੀ ਦੀ ਖੁਸ਼ੀ ਵਿੱਚ ਨਾਈਟ ਪਾਰਟੀ ਕੀਤੀ ਗਈ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਲੋਕਾਂ ਵੱਲੋਂ ਜਸ਼ਨ ਮਨਾਇਆ ਗਿਆ। ਓੱਥੇ ਹੀ ਇਸ ਪਾਰਟੀ ਵਿੱਚ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਬੇਟਾ ਅਰਜੁਨ ਬਾਦਲ ਤੇ ਉਨ੍ਹਾਂ ਦੇ ਸਾਲਾ ਜੈਜੀਤ ਸਿੰਘ ਜੌਹਲ ਵੀ ਖਾਸ ਤੌਰ ‘ਤੇ ਪਹੁੰਚੇ।

ਭਾਰੀ ਇਕੱਠ ਹੋਣ ‘ਤੇ ਜਦ ਇਹ ਖ਼ਬਰਾਂ ਅਖ਼ਬਾਰਾਂ ਵਿੱਚ ਲੱਗੀਆਂ ਤਾਂ ਮਜ਼ਬੂਰਨ ਅੱਜ ਬਠਿੰਡਾ ਪੁਲਿਸ ਨੂੰ ਸਖ਼ਤ ਕਾਰਵਾਈ ਕਰਨੀ ਪਈ। ਇਸ ਦੇ ਚੱਲਦੇ ਪੁਲਿਸ ਵੱਲੋਂ ਪੈਲੇਸ ਦੇ ਮਾਲਕ ਸਮੇਤ 40 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਫ਼ਿਲਹਾਲ ਅਸੀਂ ਮੁਕੱਦਮਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਕਾਰ ਦੁਆਰਾ ਕੋਰੋਨਾ ਦੌਰਾਨ ਜਾਰੀ ਕੀਤੇ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ ਸੀ।

ਹਾਲਾਂਕਿ ਸਿਆਸੀ ਲੀਡਰਾਂ ਵੱਲੋਂ ਕੋਰੋਨਾ ਵਾਇਰਸ ਹਦਾਇਤਾਂ ਦੀ ਉਲੰਘਣਾ ਕਰਨ ਦੀ ਇਹ ਪਹਿਲੀ ਘਟਨਾ ਨਹੀਂ ਸੀ। ਆਮ ਲੋਕਾਂ ਲਈ ਸਖਤੀ ਪਰ ਆਪਣੀਆਂ ਰੈਲੀਆਂ ਤੇ ਪ੍ਰੋਗਰਾਮ ਉਸੇ ਤਰ੍ਹਾਂ ਜਾਰੀ ਰਹਿੰਦੇ ਹਨ।

LEAVE A REPLY

Please enter your comment!
Please enter your name here