
ਬੁਢਲਾਡਾ 4 ਸਤੰਬਰ (ਸਾਰਾ ਯਹਾ,ਅਮਨ ਮਹਿਤਾ, ਅਮਿੱਤ ਜਿੰਦਲ): ਅੱਜ ਪੂਰਾ ਦੇਸ਼ ਕੋਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ ਅਤੇ ਕੁੱਝ ਮਾੜੀ ਸੋਚ ਵਾਲੇ ਲੋਕ ਅਜਿਹੇ ਮੁਸ਼ਕਲ ਭਰੇ ਦੌਰ ‘ਚ ਵੀ ਗਲ਼ਤ ਅਤੇ ਤਰਕਹੀਣ ਅਫਵਾਹਾਂ ਫੈਲਾ ਰਹੇ ਹਨ। ਅਜਿਹਾ ਕਰਨ ਵਾਲੇ ਕਿਸੇ ਵੀ ਅਨਸਰਾਂ ਨੂੰ ਬਖਸਿਆ ਨਹੀਂ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਦਰ ਥਾਣਾ ਦੀ ਐਸ ਐਚ ਓ ਪਰਵਿਦਰ ਕੋਰ ਧਾਲੀਵਾਲ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੋਕ ਸਿਹਤ ਵਿਭਾਗ ਦੇ ਵਲੋਂ ਕੋਵਿਡ ਤੋਂ ਬਚਾਅ ਲਈ ਦੱਸੀਆਂ ਜਾਂਦੀਆਂ ਸਾਰੀਆਂ ਹੀ ਸਾਵਧਾਨੀਆਂ ਦਾ ਖ਼ਿਆਲ ਜ਼ਰੂਰ ਰੱਖਣ। ਉਨ੍ਹਾਂ ਕਿਹਾ ਕਿ ਲੋਕ ਵਾਰ-ਵਾਰ ਹੱਥ ਧੋਣ ਦੀ ਵਿਧੀ ਨੂੰ ਪੱਕਾ ਨਿਯਮ ਬਣਾਉਣ, ਮਾਸਕ ਪਾ ਕੇ ਰੱਖਣ ਦੀ ਆਦਤ ਨੂੰ ਸਿਰਫ਼ ਚਲਾਨ ਤੋਂ ਬਚਣ ਤੱਕ ਹੀ ਸੀਮਿਤ ਨਾ ਰੱਖਣ, ਸਗੋਂ ਇਸਦੀ ਜ਼ਰੂਰਤ ਨੂੰ ਸਮਝਦੇ ਹੋਏ ਪਹਿਨ ਕੇ ਰੱਖਣ। ਉਨ੍ਹਾਂ ਕਿਹਾ ਕਿ ਸੋਸ਼ਲ ਦੂਰੀ ਅਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਲੋਕ ਸੋਸ਼ਲ ਮੀਡੀਆ ਤੇ ਆਉਣ ਵਾਲੀ ਹਰ ਗੱਲ ਤੇ ਅੱਖਾਂ ਮੀਚ ਕੇ ਵਿਸ਼ਵਾਸ ਨਾ ਕਰਨ ਸਗੋਂ ਤੱਥਾਂ ਦੀ ਪੜਤਾਲ ਜ਼ਰੂਰ ਕਰਨ।
