ਮਾਨਸਾ, 21 ਅਪੈ੍ਰਲ (ਸਾਰਾ ਯਹਾ, ਬਲਜੀਤ ਸ਼ਰਮਾ)) : ਡਾਕਟਰਾਂ ਦੀ ਮਿਹਨਤ, ਆਪਣੀ ਦ੍ਰਿੜ ਇੱਛਾ ਸ਼ਕਤੀ ਅਤੇ ਆਪਣੇ ਪ੍ਰਮਾਤਮਾ ਪ੍ਰਤੀ ਸੱਚੀ ਆਸਥਾ ਦੇ ਚੱਲਦਿਆਂ ਅੱਜ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਇੱਕ ਔਰਤ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਡਿਪਟੀ ਕਮਿਸ਼ਨਰ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪਿਛਲੇ ਦਿਨੀਂ ਦਿੱਲੀ ਤੋਂ ਆ ਕੇ ਬੁਢਲਾਡਾ ਦੀ ਮਸਜਿਦ ਵਿੱਚ ਠਹਿਰੇ 5 ਵਿਅਕਤੀਆਂ ਨੂੰ ਕੋਰੋਨਾ ਪਾਜ਼ਿਟੀਵ ਪਾਇਆ ਗਿਆ ਸੀ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆ ਕੇ 6 ਹੋਰ ਵਿਅਕਤੀ ਕੋਰੋਨਾ ਪਾਜ਼ਿਟੀਵ ਪਾਏ ਗਏ ਹਨ ਜਿਸ ਨਾਲ ਮਾਨਸਾ ਜ਼ਿਲ੍ਹੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ 11 ਹੋ ਗਈ ਸੀ।
ਅੱਜ ਉਕਤ ਔਰਤ ਦੀਆਂ ਕੀਤੀਆਂ ਗਈਆਂ ਰਿਪੋਰਟਾਂ ਦੇ ਨੈਗੇਟਿਵ ਆਉਣ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਅਤੇ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਕੋਰੋਨਾ ਪਾਜ਼ਿਟੀਵ ਔਰਤ ਨੂੰ ਕੋਰੋਨਾ ਵਾਇਰਸ ਨੂੰ ਮਾਤ ਦੇਣ ’ਤੇ ਵਧਾਈ ਦਿੱਤੀ ਅਤੇ ਸਿਵਲ ਪ੍ਰਸਾਸ਼ਨ, ਪੁਲਿਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਤਾੜੀਆਂ ਦੀ ਗੜਗੜਾਹਠ ਵਿੱਚ ਹਸਪਤਾਲ ਤੋਂ ਬੁਢਲਾਡਾ ਭੇਜਿਆ ਗਿਆ।
ਕੋਰੋਨਾ ਵਾਇਰਸ ਤੋਂ ਜਿੱਤ ਕੇ ਨੈਗੇਟਿਵ ਹੋਈ ਔਰਤ ਨੇ ਦੱਸਿਆ ਕਿ ਮਾਨਸਾ ਸਿਵਲ ਹਸਪਤਾਲ ਵਿਖੇ ਉਸਦਾ ਇਲਾਜ਼ ਬਹੁਤ ਹੀ ਵਧੀਆ ਢੰਗ ਨਾਲ ਹੋਇਆ ਅਤੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਪੂਰਾ ਧਿਆਨ ਰੱਖਿਆ। ਇਸ ਤੋਂ ਇਲਾਵਾ ਪ੍ਰਮਾਤਮਾ ਦੀ ਵੀ ਉਨ੍ਹਾਂ ’ਤੇ ਮਿਹਰ ਰਹੀ ਜਿਸ ਸਦਕਾ ਕੋਰੋਨਾ ਵਾਇਰਸ ਦੀ ਇਸ ਬਿਮਾਰੀ ਨੂੰ ਉਹ ਮਾਤ ਦੇਣ ਵਿੱਚ ਕਾਮਯਾਬ ਹੋਏ।
ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਕੋਰੋਨਾ ਪਾਜ਼ਿਟੀਵ ਆਏ ਮਰੀਜ਼ਾਂ ਦਾ ਇਲਾਜ ਸਿਵਲ ਹਸਪਤਾਲ ਮਾਨਸਾ ਵਿਖੇ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ ਇੱਕ ਔਰਤ ਦੀਆਂ ਰਿਪੋਰਟਾਂ ਆਉਣ ਤੋਂ ਉਹ ਕੋਰੋਨਾ ਨੈਗੇਟਿਵ ਪਾਈ ਗਈ ਹੈ, ਜਿਸਨੂੰ ਅੱਜ ਸਿਵਲ ਹਸਪਤਾਲ ਮਾਨਸਾ ਤੋਂ ਛੁੱਟੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਔਰਤ ਜੋ ਸਭ ਤੋਂ ਪਹਿਲਾ ਮਾਨਸਾ ਜ਼ਿਲ੍ਹੇ ਅੰਦਰ 3 ਕੋਰੋਨਾ ਪਾਜ਼ਿਟੀਵ ਆਏ ਸਨ, ਉਨ੍ਹਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਬਾਕੀ ਮਰੀਜ਼ਾਂ ਦਾ ਇਲਾਜ ਵੀ ਹਸਪਤਾਲ ਮਾਨਸਾ ਵਿਖੇ ਸਹੀ ਢੰਗ ਨਾਲ ਚੱਲ ਰਿਹਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਟੀਮ ਵੱਲੋਂ ਹੁਣ ਤੱਕ 271 ਸੈਂਪਲ ਇਕੱਤਰ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 11 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ਿਟੀਵ ਆਈ ਸੀ ਹੁਣ ਇਨ੍ਹਾਂ 11 ਵਿਅਕਤੀਆਂ ਵਿੱਚੋਂ ਇੱਕ ਔਰਤ ਦੀ ਰਿਪੋਰਟ ਨੈਗੇਟਿਵ ਆਈ ਹੈ ਜਿਸ ਨਾਲ ਮਾਨਸਾ ਜ਼ਿਲ੍ਹੇ ਵਿੱਚ ਕੋਰੋਨਾ ਪਾਜ਼ਿਟੀਵ ਮਰੀਜ਼ਾਂ ਦੀ ਗਿਣਤੀ 10 ਰਹਿ ਗਈ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ, ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ, ਡੀ.ਐਸ.ਪੀ. ਸ਼੍ਰੀ ਹਰਜਿੰਦਰ ਸਿੰਘ ਗਿੱਲ ਐਸ.ਐਮ.ਓ. ਮਾਨਸਾ ਡਾ. ਅਸ਼ੋਕ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਣਜੀਤ ਸਿੰਘ ਰਾਏ, ਡਾ. ਅਰਸ਼ਦੀਪ ਸਿੰਘ, ਡਾ. ਵਿਸ਼ਵਦੀਪ ਸਿੰਘ, ਡਾ. ਪੰਕਜ, ਸਮਾਜ ਸੇਵੀ ਸ਼੍ਰੀ ਤਰਸੇਮ ਸੇਮੀ ਅਤੇ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਰਘਵੀਰ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਡਾਕਟਰ ਅਤੇ ਟੀਮ ਮੌਜੂਦ ਸਨ।