
ਬਰਨਾਲਾ 04,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾ ਦੀ ਦੂਜੀ ਲਹਿਰ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਕੋਚਿੰਗ ਸੈਂਟਰ ਪ੍ਰਭਾਵਿਤ ਹੋ ਰਹੇ ਹਨ। ਸਰਕਾਰ ਵੱਲੋਂ ਲਾਗੂ ਪਾਬੰਦੀਆਂ ਕਾਰਨ ਪੰਜਾਬ ਵਿੱਚ ਲੰਬੇ ਸਮੇਂ ਤੋਂ IELTS ਸੈਂਟਰ ਬੰਦ ਪਏ ਹਨ। ਸਰਕਾਰ ਦੇ ਇਸ ਫੈਸਲੇ ਨਾਲ ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀ ਤਾਂ ਪ੍ਰਭਾਵਿਤ ਹੋ ਹੀ ਰਹੇ ਹਨ। ਇਸ ਦੇ ਨਾਲ-ਨਾਲ ਇਨ੍ਹਾਂ ਸੈਂਟਰਾਂ ਦੇ ਮਾਲਕ ਵੀ ਰੁਜ਼ਗਾਰ ਪ੍ਰਭਾਵਿਤ ਹੋ ਰਿਹਾ ਹੈ।
IELTS ਸੈਂਟਰਾਂ ਦੇ ਮਾਲਕਾਂ ਨੂੰ ਬੰਦ ਪਏ ਇਨ੍ਹਾਂ ਸੈਂਟਰਾਂ ਦੇ ਕਿਰਾਏ ਦੇ ਨਾਲ ਹੋਰ ਖਰਚੇ ਵੀ ਪੈ ਰਹੇ ਹਨ, ਪਰ ਉਨ੍ਹਾਂ ਦੀ ਕਮਾਈ ਦਾ ਜ਼ਰੀਆ ਪੂਰੀ ਤਰ੍ਹਾਂ ਬੰਦ ਹੈ। ਇਸ ਸਬੰਧੀ ਬਰਨਾਲਾ ਦੇ IELTS ਸੈਂਟਰ ਮਾਲਕ ਦਿਕਸ਼ਤ ਗੋਇਲ ਤੇ ਸੰਦੀਪ ਗਰਗ ਨੇ ਕਿਹਾ ਕਿ “ਪਿਛਲੇ ਸਾਲ ਵੀ ਅੱਠ ਮਹੀਨੇ ਕੋਰੋਨਾ ਕਰਕੇ ਸੈਂਟਰ ਬੰਦ ਰਹੇ। ਹੁਣ ਜਦੋਂ ਦੋ ਮਹੀਨੇ ਸੈਂਟਰ ਖੁੱਲਣ ਕਰਕੇ ਗੱਡੀ ਮੁੜ ਲੀਹ ’ਤੇ ਆਉਣ ਲੱਗੀ ਸੀ ਤਾਂ ਦੁਬਾਰਾ ਬੰਦ ਕਰਕੇ ਮੁੜ ਮੁਸ਼ਕਲਾਂ ਸ਼ੁਰੂ ਹੋ ਗਈਆਂ ਹਨ।”
ਇਸ ਤੋਂ ਇਲਾਵਾ IELTS ਨਾਲ ਜੁੜੇ ਸਟੇਸ਼ਨਰੀ, ਪ੍ਰਿੰਟਿੰਗ ਪ੍ਰੈਸ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ IELTS ਟੈਸਟ ਚਾਲੂ ਹੋਣ ਕਰਕੇ ਆਨਲਾਈਨ ਕਲਾਸਾਂ ਬੱਚਿਆਂ ਨੂੰ ਘਰ ਬੈਠੇ ਦਿੱਤੀਆਂ ਜਾ ਰਹੀਆਂ ਸੀ।
ਇਸੇ ਤਰ੍ਹਾਂ IELTS ਸੈਂਟਰ ਵਿੱਚ ਨੌਕਰੀ ਕਰਦੇ ਕਰਨਵੀਰ ਸਿੰਘ ਨੇ ਦੱਸਿਆ ਕਿ ਸੈਂਟਰ ਬੰਦ ਹੋਣ ਕਰਕੇ ਮਾਲਕਾਂ, ਬੱਚਿਆਂ ਤੇ ਅਧਿਆਪਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੈਂਟਰ ਬਹੁਤ ਸਾਰੇ ਲੋਕਾਂ ਦੀ ਆਮਦਨ ਦਾ ਸਰੋਤ ਹੈ। ਹੁਣ ਸੈਂਟਰ ਬੰਦ ਹੋਣ ਕਰਕੇ ਰੁਜ਼ਗਾਰ ਖ਼ਤਮ ਹੋ ਰਿਹਾ ਹੈ। ਉਨ੍ਹਾਂ ਸੈਂਟਰ ਖੋਲ੍ਹੇ ਜਾਣ ਦੀ ਮੰਗ ਕੀਤੀ।
ਉੱਥੇ ਹੀ ਆਈਲੈਟਸ ਕਰਕੇ ਵਿਦੇਸ਼ ਪੜਾਈ ਕਰਨ ਜਾਣ ਦੇ ਚਾਹਵਾਨ ਨੌਜਵਾਨ ਪ੍ਰਿਆਂਸ਼ੂ ਨੇ ਕਿਹਾ ਕਿ ਉਸ ਨੇ ਬਾਰਵੀਂ ਪਾਸ ਕੀਤੀ ਹੈ ਅਤੇ IELTS ਕਰਕੇ ਵਿਦੇਸ਼ ਪੜ੍ਹਾਈ ਕਰਨ ਦਾ ਇਛੁੱਕ ਹੈ ਪਰ ਕੋਰੋਨਾ ਵਾਇਰਸ ਦੇ ਲੌਕਡਾਊੂਨ ਕਰਕੇ ਸੈਂਟਰ ਬੰਦ ਹਨ। ਇਸ ਕਰਕੇ ਆਪਣੀ ਪੜਾਈ ਸਹੀ ਤਰੀਕੇ ਨਾਲ ਨਹੀਂ ਕਰ ਸਕਦਾ।ਸੈਂਟਰ ਬੰਦ ਹੋਣ ਕਰਕੇ ਰੈਗੂਲਰ ਪੜ੍ਹਾਈ ਕਰਨ ਵਿੱਚ ਦਿੱਕਤ ਆ ਰਹੀ ਹੈ।
