28,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) :ਦੱਖਣੀ ਅਫਰੀਕਾ ‘ਚ ਕੋਰੋਨਾ ਦਾ ਨਵਾਂ ਵੇਰੀਐਂਟ ਓਮਿਕਰੋਨ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ‘ਚ ਹਲਚਲ ਮਚ ਗਈ ਹੈ ਅਤੇ ਉਸ ਤੋਂ ਬਾਅਦ ਦੂਜੇ ਦੇਸ਼ਾਂ ‘ਚ ਵੀ ਇਸ ਦੇ ਮਾਮਲੇ ਸਾਹਮਣੇ ਆਏ ਹਨ। ਇੱਥੇ ਸਰਕਾਰ ਵੱਲੋਂ ਇਸ ਸਬੰਧੀ ਨਿਗਰਾਨੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਨਵੇਂ ਵੇਰੀਐਂਟ ਓਮਿਕਰੋਨ ਦੇ ਸਬੰਧ ਵਿਚ ਸਾਰੇ ਰਾਜਾਂ ਨੂੰ ਪੱਤਰ ਲਿਖਦੇ ਹੋਏ ਸਖਤ ਰੋਕਥਾਮ, ਨਿਗਰਾਨੀ ਦੇ ਉਪਾਅ ਵਧਾਉਣ ਤੇ ਕੋਰੋਨਾ ਟੀਕਾਕਰਨ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਦਹਿਸ਼ਤ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਅੰਤਰਰਾਸ਼ਟਰੀ ਉਡਾਣਾਂ ‘ਚ ਢਿੱਲ ਦੀ ਸਮੀਖਿਆ ਸਮੇਤ ਕੋਰੋਨਾ ਟੀਕਾਕਰਨ ਤੇ ਕੋਵਿਡ ਸਥਿਤੀ ਬਾਰੇ ਚਰਚਾ ਕੀਤੀ।
ਇੱਥੇ ਕੋਰੋਨਾ ਦੇ ਨਵੇਂ ਰੂਪ ਦੇ ਮੱਦੇਨਜ਼ਰ ਮਹਾਰਾਸ਼ਟਰ ਦੀ ਊਧਵ ਸਰਕਾਰ ਨੇ ਅੱਜ ਸ਼ਾਮ ਇਕ ਮੀਟਿੰਗ ਬੁਲਾਈ ਹੈ। ਇਕ ਦਿਨ ਪਹਿਲਾਂ ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਐਲਾਨ ਕੀਤੀ ਸੀ ਕਿ ਦੱਖਣੀ ਅਫ਼ਰੀਕੀ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਕੋਰੋਨਾ ਸੰਕ੍ਰਮਿਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਜੀਨੋਮ ਸੀਕਵੈਂਸਿੰਗ ਕੀਤੀ ਜਾਵੇਗੀ।
ਮਹਾਰਾਸ਼ਟਰ ਸਰਕਾਰ ਦੁਆਰਾ ਕੋਰੋਨਾ ‘ਤੇ ਬਣਾਈ ਗਈ ਟਾਸਕ ਫੋਰਸ ਨੇ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨਾਂ ਲਈ ਕੁਆਰੰਟਾਈਨ ਕਰਨ ਦੀ ਸਲਾਹ ਦਿੱਤੀ ਹੈ। ਮਹਾਰਾਸ਼ਟਰ ਸਰਕਾਰ ਵੀ ਚਾਹੁੰਦੀ ਹੈ ਕਿ ਦੱਖਣੀ ਅਫਰੀਕਾ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਪਾਬੰਦੀ ਲਗਾਈ ਜਾਵੇ। ਇਸ ਮੀਟਿੰਗ ‘ਚ ਡਿਵੀਜ਼ਨਲ ਕਮਿਸ਼ਨਰ ਅਤੇ ਕਲੈਕਟਰ ਸ਼ਾਮਲ ਹੋਣਗੇ। ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਸੂਬਾ ਸਰਕਾਰ ਕੇਂਦਰ ਨੂੰ ਬੇਨਤੀ ਕਰਨ ਜਾ ਰਹੀ ਹੈ ਕਿ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਾਂ ਨੂੰ ਤੁਰੰਤ ਬੰਦ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਊਧਵ ਠਾਕਰੇ ਦੀ ਤਬੀਅਤ ਖ਼ਰਾਬ ਹੈ ਪਰ ਉਹ ਹਸਪਤਾਲ ਤੋਂ ਹੀ ਆਨਲਾਈਨ ਰਾਹੀਂ ਇਸ ਮੀਟਿੰਗ ‘ਚ ਹਿੱਸਾ ਲੈਣਗੇ।