
ਚੰਡੀਗੜ੍ਹ 23 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ) : ਪੰਜਾਬ ਵਿੱਚ ਜਿੱਥੇ ਕੋਰੋਨਾ ਦੀ ਮਾਰ ਪੈ ਰਹੀ ਹੈ ਉੱਥੇ ਹੀ ਸੂਬੇ ਭਰ ਦੇ ਛੋਟੇ-ਵੱਡੇ 5000 ਤੋਂ ਵੱਧ ਹਸਪਤਾਲ ਅੱਜ ਸਵੇਰੇ ਤੋਂ ਹੜਤਾਲ `ਤੇ ਚਲੇ ਗਏ ਹਨ। ਉਹ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਕਲੀਨੀਕਲ ਐਸਟੇਬਲਿਸ਼ਮੈਂਟ ਬਿੱਲ ਦੇ ਜਾਰੀ ਕੀਤੇ ਗਏ ਆਰਡੀਨੈਂਸ ਦਾ ਵਿਰੋਧ ਕਰ ਰਹੇ ਹਨ।
ਹੜਤਾਲ ਦਾ ਇਹ ਸੱਦਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸਾਂਝੀ ਐਕਸ਼ਨ ਕਮੇਟੀ ਨੇ 13 ਜੂਨ ਦਿੱਤਾ ਸੀ ਜਿਸ ‘ਚ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਜੇਕਰ ਇਸ ਆਰਡੀਨੈਂਸ ਨੂੰ ਵਾਪਸ ਲੈਣ ਬਾਰੇ ਫੈਸਲਾ ਨਾ ਕੀਤਾ ਗਿਆ ਤਾਂ ਉਹ 23 ਜੂਨ ਨੂੰ ਸੂਬੇ ਭਰ ਦੇ ਪ੍ਰਾਈਵੇਟ ਹਸਪਤਾਲ ਸਿਹਤ ਸਹੂਲਤਾਂ ਠੱਪ ਕਰ ਦੇਣਗੇ।
ਸਾਂਝੀ ਐਕਸ਼ਨ ਕਮੇਟੀ ਦੇ ਮੁਖੀ ਡਾਕਟਰ ਰਾਕੇਸ਼ ਵਿੱਗ ਤੇ ਮੀਡੀਆ ਇੰਚਾਰਜ ਡਾ. ਵਿਜੈ ਮਹਾਜਨ ਨੇ ਦੱਸਿਆ ਕਿ 13 ਜੂਨ ਤੋਂ ਬਾਅਦ ਪੰਜਾਬ ਸਰਕਾਰ ਨੇ ਜਥੇਬੰਦੀ ਦੀ ਮੰਗ `ਤੇ ਕੋਈ ਅਮਲ ਨਹੀਂ ਕੀਤਾ, ਜਿਸ ਕਾਰਨ ਹੜਤਾਲ ਕਰਨੀ ਪਈ। ਉਨ੍ਹਾਂ ਕਿਹਾ ਕਿ ਇਸ ਬਿੱਲ ਨਾਲ ਹਸਪਤਾਲਾਂ ਵਿੱਚ ਸਰਕਾਰੀ ਦਖਲਅੰਦਾਜ਼ੀ ਵੱਧ ਜਾਵੇਗੀ ਤੇ ਸਰਕਾਰੀ ਮਸ਼ੀਨਰੀ ਜਾਣ ਬੁਝ ਕੇ ਡਾਕਟਰਾਂ ਨੂੰ ਤੰਗ ਕਰੇਗੀ, ਜਿਸ ਨਾਲ ਭ੍ਰਿਸ਼ਟਾਚਾਰ ਵੱਧੇਗਾ।
ਦੱਸ ਦਈਏ ਕਿ ਅੱਜ ਹੜਤਾਲ ਹੋਣ ਨਾਲ ਸਾਰੀਆਂ ਡਾਕਟਰੀ ਸਹੂਲਤਾਂ ਠੱਪ ਪਈਆਂ ਹਨ ਇੱਥੋਂ ਤੱਕ ਕਿ ਐਮਰਜੰਸੀ ਸੇਵਾਵਾਂ ਵੀ ਬੰਦ ਪਈਆਂ ਹਨ। ਇਹ ਸੇਵਾਵਾਂ ਸ਼ਾਮੀ ਅੱਠ ਵਜੇ ਤੱਕ ਬੰਦ ਰਹਿਣਗੀਆਂ। ਵੱਡੀ ਫ਼ਿਕਰ ਵਾਲੀ ਗੱਲ ਇਹ ਹੈ ਕਿ ਗੰਭੀਰ ਜ਼ਖ਼ਮੀ, ਗਰਭਵਤੀ ਔਰਤਾਂ ਨੂੰ ਵੀ ਹੰਗਾਮੀ ਹਲਾਤਾਂ ਵਿੱਚ ਇਲਾਜ ਨਹੀਂ ਮਿਲ ਸਕੇਗਾ। ਸਾਰਾ ਬੋਝ ਅੱਜ ਸਰਕਾਰੀ ਹਸਪਤਾਲਾਂ `ਤੇ ਪੈ ਰਿਹਾ ਹੈ।
