ਮਾਨਸਾ, 1 ਸਤੰਬਰ (ਸਾਰਾ ਯਹਾ/ਔਲਖ): ਸਿਹਤ ਵਿਭਾਗ ਮਾਨਸਾ ਵੱਲੋ ਕੋਰੋਨਾ ਵਰਗੀ ਮਹਾਂਮਾਰੀ ਤੇ ਕਾਬੂ ਪਾਉਣ ਲਈ ਵੱਖ-ਵੱਖ ਉਪਰਾਲਿਆਂ ਦੇ ਸਦਕਾ,ਕੋਰੋਨਾ ਦੀ ਤੀਜੀ ਲਹਿਰ ਤੇ ਕਾਬੂ ਪਾਉਣ ਲਈ ਕੋਰੋਨਾ ਵੈਕਸੀਨ ਲਗਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਮਕਸਦ ਨਾਲ ਡਾ. ਹਿਤਿੰਦਰ ਕੌਰ ਸਿਵਲ ਸਰਜਨ, ਮਾਨਸਾ ਨੇ ਡੇਰਾ ਰਾਧਾ ਸੁਆਮੀ ਮਾਨਸਾ ਵਿਖੇ ਚੱਲ ਰਹੇ ਵੈਕਸੀਨੇਸ਼ਨ ਕੈਂਪ ਦਾ ਦੌਰਾ ਕਰਨ ਦੌਰਾਨ ਲੋਕਾਂ ਨੂੰ ਆਪਣੀ ਵਾਰੀ ਆਉਣ ਤੇ ਨੇੜੇ ਦੇ ਕਿਸੇ ਵੀ ਸਿਹਤ ਕੇਂਦਰ,ਧਾਰਮਿਕ ਅਤੇ ਐੱਨ.ਜੀ.ਓ. ਦੀ ਮੱਦਦ ਨਾਲ ਵੱਖ ਵੱਖ ਥਾਵਾਂ ਤੇ ਲਗਾਏ ਜਾ ਰਹੇ ਕੈਂਪਾਂ ਤੇ ਜਾ ਕੇ ਮੁਫਤ ਵੈਕਸੀਨੇਸ਼ਨ ਕਰਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਮਾਨਸਾ ਵਿਖੇ ਕੋਵਿਡ-19 ਦੀ ਵੈਕਸੀਨੇਸ਼ਨ ਦੀ 185289 ਵਿਅਕਤੀਆਂ ਨੂੰ ਪਹਿਲੀ ਖ਼ੁਰਾਕ ਅਤੇ 45671 ਵਿਅਕਤੀਆਂ ਨੂੰ ਦੂਜੀ ਖੁਰਾਕ ਲੱਗ ਚੁੱਕੀ ਹੈ ਅਤੇ ਅਜੇ ਤੱਕ ਕੋਈ ਵੀ ਮਾੜਾ ਪ੍ਰਭਾਵ ਸਾਹਮਣੇ ਵੇਖਣ ਨੂੰ ਨਹੀਂ ਆਇਆ ਸੋ ਸਾਨੂੰ ਸਾਰਿਆਂ ਨੂੰ ਬੇਝਿਜਕ ਹੋ ਕੇ ਜਲਦੀ ਤੋਂ ਜਲਦੀ ਵੈਕਸੀਨੇਸ਼ਨ ਕਰਾਉਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੈਕਸੀਨੇਸ਼ਨ ਦੇ ਨਾਲ-ਨਾਲ ਸਾਨੂੰ ਸਰਕਾਰ ਵੱਲੋਂ ਦਰਸਾਈ ਹੋਈ ਨਿਯਮਾਂ ਦੀ ਪਾਲਣਾ ਜਿਵੇਂ ਕਿ ਮੂੰਹ ਤੇ ਮਾਸਕ ਲਗਾਕੇ ਰੱਖਣਾ, ਹੱਥਾਂ ਨੂੰ ਵਾਰ-ਵਾਰ ਸਾਬਣ ਪਾਣੀ ਨਾਲ ਧੋਣਾ, ਸੈਨੀਟਾਈਜ਼ਰ ਦੀ ਵਰਤੋਂ ਕਰਨੀ, ਸਮਾਜਿਕ ਦੂਰੀ ਨੂੰ ਬਣਾ ਕੇ ਰੱਖਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਕਾਰਜਕਾਰੀ ਸਹਾਇਕ ਸਿਵਲ ਸਰਜਨ ਡਾ. ਬਲਜੀਤ ਕੌਰ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਵਿਜੇ ਕੁਮਾਰ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੇ ਸੇਵਾਦਾਰ, ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ।