ਅੰਮ੍ਰਿਤਸਰ (ਸਾਰਾ ਯਹਾ) : ਪੰਜਾਬ ‘ਚ ਕਈ ਜ਼ਿਲ੍ਹਿਆਂ ਤੋਂ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਕੋਰੋਨਾ ਮਰੀਜ਼ਾਂ ਨੂੰ ਗਲਤ ਰਿਪੋਰਟ ਦੇ ਅਧਾਰ ‘ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇੰਨਾ ਹੀ ਨਹੀਂ ਨਿੱਜੀ ਲੈਬਾਰਟਰੀਆਂ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਨਿੱਜੀ ਲੈਬਾਰਟਰੀਆਂ ਦੀਆਂ ਰਿਪੋਰਟਾਂ ‘ਤੇ ਉੱਠ ਰਹੇ ਇਤਰਾਜ਼ਾਂ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਜੇਕਰ ਇਨ੍ਹਾਂ ਲੈਬਾਰਟਰੀਆਂ ਵੱਲੋਂ ਕੋਈ ਕੰਮ ਗਲਤ ਢੰਗ ਨਾਲ ਕੀਤਾ ਗਿਆ ਹੈ ਤਾਂ ਸਰਕਾਰ ਵੱਲੋਂ ਇਨ੍ਹਾਂ ਖਿਲਾਫ਼ ਕਾਨੂੰਨ ਕਾਰਵਾਈ ਕੀਤੀ ਜਾਵੇਗੀ।
ਸੋਨੀ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਕੋਰੋਨਾਵਾਇਰਸ ਖਿਲਾਫ ਸਰਕਾਰ ਵੱਲੋਂ ਜੋ ਲੜਾਈ ਲੜੀ ਜਾ ਰਹੀ ਹੈ, ਉਸ ਵਿੱਚ ਟੈਸਟਿੰਗ ਬਹੁਤ ਮਹੱਤਵਪੂਰਨ ਹੈ ਤੇ ਸਰਕਾਰ ਵੱਲੋਂ ਟੈਸਟਿੰਗ ਵਧਾਉਣ ਵਾਲੇ ਪਾਸੇ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਓਪੀ ਸੋਨੀ ਨੇ ਕਿਹਾ ਪੰਜਾਬ ਦੇ ਵਿੱਚ ਲਗਾਤਾਰ ਕੋਰੋਨਾਵਾਇਰਸ ਦੇ ਸੈਂਪਲਾਂ ਦੀ ਟੈਸਟਿੰਗ ਵਧ ਰਹੀ ਹੈ ਤੇ ਪੰਜਾਬ ਸਰਕਾਰ ਨੇ ਹੁਣ ਲੁਧਿਆਣਾ, ਜਲੰਧਰ, ਮੁਹਾਲੀ ਵਿੱਚ ਦੋ ਥਾਵਾਂ ‘ਤੇ ਹੋਰ ਨਵੀਆਂ ਲੈਬੋਰਟਰੀਆਂ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹੁਣ ਪੰਜਾਬ ਦੇ ਵਿੱਚ ਸੱਤ ਥਾਵਾਂ ‘ਤੇ ਕੋਰੋਨਾਵਾਇਰਸ ਦੇ ਸੈਂਪਲਾਂ ਦੀ ਟੈਸਟਿੰਗ ਹੋਵੇਗੀ। ਕੋਰੋਨਾਵਾਇਰਸ ਦੇ ਟੈਸਟ ਲਈ ਚਾਰ ਹੋਰ ਲੈਬੋਰਟਰੀਆਂ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਪਹਿਲਾਂ ਅੰਮ੍ਰਿਤਸਰ, ਫਰੀਦਕੋਟ ਤੇ ਪਟਿਆਲਾ ‘ਚ ਹੀ ਟੈਸਟਿੰਗ ਹੋ ਰਹੀ ਸੀ।
ਓਪੀ ਸੋਨੀ ਨੇ ਨਾਲ ਹੀ ਇਹ ਵੀ ਕਿਹਾ ਕਿ ਪੰਜਾਬ ਤੋਂ ਇਲਾਵਾ ਜੇਕਰ ਕਿਸੇ ਹੋਰ ਸੂਬੇ ਨੂੰ ਵੀ ਕੋਰੋਨਾਵਾਇਰਸ ਦੇ ਟੈਸਟਾਂ ਦੀ ਜ਼ਰੂਰਤ ਹੋਵੇਗੀ ਤਾਂ ਸਰਕਾਰ ਉਸ ਨੂੰ ਮਨ੍ਹਾ ਨਹੀਂ ਕਰੇਗੀ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਧ ਰਹੇ ਕੇਸਾਂ ‘ਤੇ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲਗਾਤਾਰ ਸਖਤ ਕਦਮ ਉਠਾਏ ਜਾ ਰਹੇ ਹਨ, ਪਰ ਲੋਕਾਂ ਨੂੰ ਵੀ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਤੇ ਲੋਕਾਂ ਦੇ ਸਹਿਯੋਗ ਨਾਲ ਹੀ ਕੋਰੋਨਾਵਾਇਰਸ ‘ਤੇ ਜਿੱਤ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦੋ ਦਿਨ ਸ਼ਨੀਵਾਰ ਤੇ ਐਤਵਾਰ ਜੋ ਲੌਕਡਾਊਨ ਸਰਕਾਰ ਨੇ ਦੁਬਾਰਾ ਲਾਗੂ ਕੀਤਾ, ਉਸ ਦਾ ਅਸਰ ਵੀ ਦਿੱਖ ਰਿਹਾ ਹੈ ਕਿਉਂਕਿ ਲੋਕ ਘਰਾਂ ‘ਚੋਂ ਘੱਟ ਨਿਕਲੇ।