ਲੁਧਿਆਣਾ 21 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਕੋਰੋਨਾ ਦਾ ਸਭ ਤੋਂ ਵੱਧ ਕਹਿਰ ਹੈ। ਸੂਬੇ ’ਚ ਕੁੱਲ ਐਕਟਿਵ ਕੇਸਾਂ ਦੀ 80 ਫੀਸਦੀ ਗਿਣਤੀ ਸਿਰਫ਼ ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ ਹੈ। ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਮੁਹਾਲੀ ਸ਼ਾਮਲ ਹਨ। ਇਨ੍ਹਾਂ ਜਿਲ੍ਹਿਆਂ ਵਿੱਚੋਂ ਵੀ ਵੇਖਿਆ ਜਾਵੇ ਤਾਂ ਲੁਧਿਆਣਾ ਦੀ ਹਾਲਤ ਸਭ ਤੋਂ ਖਤਰਨਾਕ ਹੈ।
ਲੁਧਿਆਣਾ ਵਿੱਚ ਹੁਣ ਤਕ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 7685 ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ 280 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਨੂੰ ਹੁਣ ਤੱਕ ਦੇ ਸਭ ਤੋਂ ਵੱਧ 398 ਕੇਸ ਸਾਹਮਣੇ ਆਏ ਹਨ ਤੇ 10 ਲੋਕਾਂ ਦੀ ਮੌਤ ਹੋ ਗਈ। ਹਾਲਾਤ ਵਿਗੜਦੇ ਵੇਖ ਪ੍ਰਸ਼ਾਸਨ ਵੀ ਸਰਗਰਮ ਹੋ ਗਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਹੁਕਮਾਂ ਮਗਰੋਂ ਜ਼ਿਲ੍ਹੇ ਅੰਦਰ ਵਾਹਨਾਂ ’ਚ ਸਵਾਰੀਆਂ ਦੀ ਸਮਰੱਥਾ ਸਬੰਧੀ ਬੰਦਸ਼ਾਂ ਨੂੰ ਮੁੜ ਲਾਗੂ ਕਰ ਦਿੱਤਾ ਗਿਆ ਹੈ। ਹੁਣ ਬੱਸਾਂ ਤੇ ਹੋਰ ਜਨਤਕ ਆਵਾਜਾਈ ਦੇ ਸਾਧਨਾਂ ਨੂੰ 50 ਫੀਸਦੀ ਸਮਰੱਥਾ ਨਾਲ ਚਲਾਇਆ ਜਾਵੇਗਾ ਜਦਕਿ ਨਿੱਜੀ ਚਾਰ ਪਹੀਆ ਵਾਹਨਾਂ ’ਚ ਤਿੰਨ ਸਵਾਰੀਆਂ ਬਿਠਾਉਣ ਦੀ ਆਗਿਆ ਹੋਵੇਗੀ।
ਦੱਸ ਦਈਏ ਕਿ ਮੁੱਖ ਮੰਤਰੀ ਨੇ ਸਭ ਤੋਂ ਵੱਧ ਪ੍ਰਭਾਵਿਤ ਪੰਜ ਜ਼ਿਲ੍ਹਿਆਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਮੁਹਾਲੀ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਭੀੜ ’ਤੇ ਕੰਟਰੋਲ ਕਰਨ ਲਈ ਰੋਜ਼ਾਨਾ ਗੈਰ ਜ਼ਰੂਰੀ ਵਸਤਾਂ ਵਾਲੀਆਂ ਸਿਰਫ਼ 50 ਫੀਸਦੀ ਦੁਕਾਨਾਂ ਹੀ ਖੋਲ੍ਹੀਆਂ ਜਾਣ।
ਉਧਰ, ਇਸ ਬਾਰੇ ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਵੀਰਵਾਰ ਕਰੋਨਾ ਦੇ ਕੁੱਲ 398 ਮਰੀਜ਼ਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਸ ਨਾਲ ਕਰੋਨਾ ਦੇ ਕੁੱਲ ਮਰੀਜ਼ 7685 ਹੋ ਗਏ ਹਨ ਤੇ ਹਾਲੇ ਵੀ 2285 ਵਿਅਕਤੀਆਂ ਦਾ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਨਾਲ ਕੁੱਲ ਮੌਤਾਂ ਦੀ ਗਿਣਤੀ 280 ਦੇ ਪਾਰ ਹੋ ਗਈ ਹੈ।