
ਚੰਡੀਗੜ੍ਹ 27ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ): ਇੱਕ ਪਾਸੇ ਕੋਰੋਨਾਵਾਇਰਸ ਨੇ ਸੂਬੇ ਸਣੇ ਭਾਰਤ ਨੂੰ ਘੇਰਿਆ ਹੋਇਆ ਹੈ, ਅਜਿਹੇ ‘ਚ ਫਰੰਟ ਲਾਈਨ ‘ਤੇ ਲੜ ਰਹੇ ਸਟਾਫ ‘ਤੇ ਪੀਜੀਆਈ ਪ੍ਰਸਾਸ਼ਨ ਨੇ ਇੱਕ ਹੋਰ ਮੁਸੀਬਤ ਦਾ ਪਹਾੜ ਤੋੜ ਦਿੱਤਾ ਹੈ। ਨਰਸਿੰਗ ਸਟਾਫ਼ ਨੂੰ ਝਟਕਾ ਦਿੰਦੇ ਹੋਏ ਪੀਜੀਆਈ ਪ੍ਰਸ਼ਾਸਨ ਨੇ ਤਨਖ਼ਾਹਾਂ ‘ਚ ਕਟੌਤੀ ਕੀਤੀ ਹੈ। ਹੁਣ ਨਰਸਿੰਗ ਸਟਾਫ਼ ਵੱਲੋਂ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ।
ਦੱਸ ਦਈਏ ਕਿ PGI ਨਰਸਿੰਗ ਸਟਾਫ ਵੱਲੋਂ ਕਾਲੇ ਬੈਜ ਲਾ ਕੇ ਰੋਸ ਜ਼ਾਹਰ ਵੀ ਕੀਤਾ ਜਾ ਰਿਹਾ ਹੈ ਤੇ ਮਰੀਜ਼ਾਂ ਦੀ ਦੇਖ ਭਾਲ ਵੀ ਕੀਤੀ ਜਾ ਰਹੀ ਹੈ। ਸਟਾਫ਼ ਦਾ ਕਹਿਣਾ ਹੈ ਕਿ ਸਾਨੂੰ ਫਰੰਟ ਲਾਈਨ ਵਾਰੀਅਰ ਮੰਨਿਆ ਗਿਆ ਹੈ ਤਾਂ ਫਿਰ ਪ੍ਰਸ਼ਾਸਨ ਵੱਲੋਂ ਸੈਲਰੀ ‘ਚ ਕਟੌਤੀ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ PGI ਐਡਮਿਨਸਟ੍ਰੇਸ਼ਨ ਵੱਲੋ ਨਰਸਿੰਗ ਸਟਾਫ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਸੀ ਪਰ ਹੁਣ ਸੈਲਰੀ ਕੱਟ ਕੇ ਸਾਡੇ ਕੰਮ ਕਰਨ ਦੇ ਜੋਸ਼ ਨੂੰ ਦੱਬਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਤਨਖ਼ਾਹਾਂ ‘ਚ ਕਟੌਤੀ ਦੇ ਖਿਲਾਫ਼ ਕਰੀਬ 2500 ਮੁਲਾਜ਼ਮ ਰੋਸ ਜ਼ਾਹਰ ਕਰ ਰਹੇ ਹਨ। ਤਨਖ਼ਾਹਾਂ ਦੀ ਕਟੌਤੀ ਦਾ ਕਾਰਨ ਇਹ ਹੈ ਕਿ ਜਦੋਂ ਸਾਲ 2006 ਚ ਨਰਸਿੰਗ ਸਟਾਫ ਨੇ ਆਪਣੀਆਂ ਤਨਖਾਹਾਂ ਵਧਾਉਣ ਨੂੰ ਲੈ ਕੇ ਮੋਰਚਾ ਖੋਲ੍ਹਿਆ ਸੀ ਤਾਂ 12 ਸਾਲ ਬਾਅਦ 2019 ਵਿੱਚ ਨਰਸਿੰਗ ਸਟਾਫ ਦੀ ਬੇਸਿਕ ਸੈਲਰੀ ਵਿੱਚ ਵਾਧਾ ਕੀਤਾ ਗਿਆ।
PGI ਨਰਸਿੰਗ ਸਟਾਫ ਦੀ ਵਧੀ ਤਨਖਾਹ ਦਾ ਹਵਾਲਾ ਦਿੰਦੇ ਹੋਏ AIIMS ਸਟਾਫ ਨੇ ਵੀ ਸੈਲਰੀ ਵਧਾਉਣ ਦੀ ਮੰਗ ਕੀਤੀ। ਇਸ ਤੋਂ ਬਾਅਦ ਹੈਲਥ ਮਨਿਸਟਰੀ ਨੇ PGI ਨਰਸਿੰਗ ਸਟਾਫ ਦੀ ਵਧੀ ਤਨਖਾਹ ਤੇ PGI ਪ੍ਰਸ਼ਾਸਨ ਤੋਂ ਸਪਸ਼ਟੀਕਰਨ ਮੰਗਿਆ। PGI ਪ੍ਰਸ਼ਾਸਨ ਨੇ ਜਵਾਬ ਤਾਂ ਕਿ ਦੇਣਾ ਸੀ ਉਲਟਾ ਤਨਖਾਹਾਂ ‘ਚ ਹੀ ਕਟੌਤੀ ਕਰ ਦਿੱਤੀ।
