ਚੰਡੀਗੜ੍ਹ 19 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ): ਸਿੱਖਿਆ ਮਹਿਕਮੇ ਵੱਲੋਂ ਕੋਰੋਨਾ ਵਾਇਰਸ (ਨੋਵਲ ਕੋਵਿਡ-19) ਕਾਰਨ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ 20 ਤੋਂ 31 ਮਾਰਚ ਤੱਕ ਪੰਜਾਬ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਤੇ 12ਵੀਂ ਦੀਆਂ ਚੱਲ ਰਹੀਆਂ ਪ੍ਰੀਖਿਆਵਾਂ ਦੇ ਨਾਲ-ਨਾਲ ਸਕੂਲਾਂ ਵਿੱਚ ਚੱਲ ਰਹੀਆਂ ਹੋਰ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ਨੂੰ ਵੀ 31 ਮਾਰਚ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਹੈ ਕਿ ਸਕੂਲਾਂ ਵਿੱਚ ਇਮਤਿਹਾਨਾਂ ਦੇ ਕਾਰਨ ਬੱਚਿਆਂ ਦਾ ਇਕੱਠ ਹੁੰਦਾ ਹੈ ਜਿਸ ਕਾਰਨ ਵਾਇਰਸ ਦੇ ਫੈਲਣ ਦੀ ਸੰਭਾਵਨਾ ਬਣ ਸਕਦੀ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ ਨੋਵਲ ਕੋਰੋਨਾ ਵਾਇਰਸ ਸਬੰਧੀ ਸਾਵਧਾਨੀ ਵਰਤਣ ਦੇ ਮੱਦੇਨਜ਼ਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਤੇ ਐਲੀਮੈਂਟਰੀ ਸਿੱਖਿਆ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਤੇ ਸਕੂਲ ਮੁਖੀਆਂ ਨੂੰ 31 ਮਾਰਚ ਤੱਕ ਬੱਚਿਆਂ ਨੂੰ ਛੁੱਟੀਆਂ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਜਿਹੜੀਆਂ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ਹੋ ਗਈਆਂ ਹਨ। ਉਨ੍ਹਾਂ ਦੀਆਂ ਉੱਤਰ-ਪੱਤਰੀਆਂ ਦਾ ਮੁਲਾਂਕਣ ਅਧਿਆਪਕ ਆਪਣੇ ਘਰ ਬੈਠ ਕੇ ਹੀ ਕਰਨਗੇ ਤੇ ਵਿਭਾਗ ਵੱਲੋਂ ਸਮੇਂ-ਸਮੇਂ ਤੇ ਜਾਰੀ ਹੋਣ ਵਾਲੀਆਂ ਹਦਾਇਤਾਂ ਦਾ ਪਾਲਣ ਕਰਕੇ ਕੰਮ ਕਰਦੇ ਰਹਿਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਬੋਰਡ ਦੀਆਂ ਜਮਾਤਾਂ ਦੇ ਜਿਹੜੇ-ਜਿਹੜੇ ਵਿਸ਼ਿਆਂ ਦੇ ਇਮਤਿਹਾਨ ਹੋ ਚੁੱਕੇ ਹਨ, ਉਨ੍ਹਾਂ ਦੀਆਂ ਉੱਤਰ-ਪੱਤਰੀਆਂ ਦਾ ਮੁਲਾਂਕਣ ਕਰਨ ਲਈ ਜਿਨ੍ਹਾਂ ਅਧਿਆਪਕਾਂ ਦੀ ਡਿਊਟੀ ਲੱਗੀ ਹੈ, ਉਹ ਉੱਤਰ-ਪੱਤਰੀਆਂ ਘਰ ਲਿਜਾ ਕੇ ਮੁਲਾਂਕਣ ਕਰਨਗੇ।