*ਕੋਟਕਪੂਰਾ ਗੋਲੀ ਕਾਂਡ ਤੋਂ ਪਹਿਲਾਂ ਮੁੱਖ ਮੰਤਰੀ ਦਫ਼ਤਰ ਨੂੰ ਕੀਤੇ 157 ਵਾਰ ਫੋਨ, ਆਖਰ ਕਿਸ ਨੇ ਦਿੱਤਾ ਗੋਲੀ ਚਲਾਉਣ ਦਾ ਹੁਕਮ? ਕਸੂਤੇ ਘਿਰ ਸਕਦੇ ਸੁਖਬੀਰ ਬਾਦਲ*

0
125

ਚੰਡੀਗੜ੍ਹ  24,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਘਿਰ ਸਕਦੇ ਹਨ ਕਿਉਂਕਿ 14 ਅਕਤੂਬਰ 2015 ਨੂੰ ਵਾਪਰੇ ਕੋਟਕਪੂਰਾ ਗੋਲੀ ਕਾਂਡ ਸਮੇਂ ਉਹ ਹੀ ਸੂਬੇ ਦੇ ਗ੍ਰਹਿ ਮੰਤਰੀ ਸਨ। ਸਿੱਟ ਹੁਣ ਸਿਰਫ ਇਹ ਸਾਹਮਣੇ ਲਿਆਉਣਾ ਚਾਹੁੰਦੀ ਹੈ ਕਿ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੜਤਾਲ ਦੌਰਾਨ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਨੇ ਸ਼ਾਂਤੀਪੂਰਵਕ ਧਰਨਾ ਚੁਕਾਉਣ ਲਈ ਕਿਹਾ ਸੀ ਤੇ ਉਨ੍ਹਾਂ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ।

ਦੱਸ ਦਈਏ ਕਿ ਹੁਣ ਤੱਕ ਦੀ ਪੜਤਾਲ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੋਟਕਪੂਰਾ ਗੋਲੀਕਾਂਡ ਵਾਪਰਨ ਤੋਂ ਘੰਟਾ ਪਹਿਲਾਂ  ਫ਼ਰੀਦਕੋਟ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੁੱਖ ਮੰਤਰੀ ਦਫ਼ਤਰ ਵਿੱਚ 157 ਵਾਰ ਫੋਨ ਰਾਹੀਂ ਗੱਲ ਹੋਈ ਸੀ। ਇਨ੍ਹਾਂ ਵਿੱਚੋਂ ਕੁਝ ਫੋਨ ਸੁਖਬੀਰ ਬਾਦਲ ਨੂੰ ਵੀ ਕੀਤੇ ਗਏ ਸੀ। ਇਸ ਗੱਲਬਾਤ ਤੋਂ ਕੁਝ ਸਮਾਂ ਬਾਅਦ ਹੀ ਕੋਟਕਪੂਰਾ ਗੋਲੀਕਾਂਡ ਵਾਪਰ ਗਿਆ ਸੀ।

ਜਾਂਚ ਟੀਮ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਜਦੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫਰੀਦਕੋਟ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਸੀ ਕਿ ਧਰਨੇ ’ਤੇ ਬੈਠੇ ਅੰਦੋਲਨਕਾਰੀਆਂ ਨੂੰ ਸ਼ਾਂਤੀ ਨਾਲ ਉਠਾਇਆ ਜਾਵੇ ਤਾਂ ਫਿਰ ਸਿੱਖ ਸੰਗਤਾਂ ਉੱਪਰ ਗੋਲੀ ਕਿਸ ਦੇ ਹੁਕਮਾਂ ਨਾਲ ਚਲਾਈ ਗਈ? ਇਸ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ 26 ਜੂਨ ਲਈ ਤਲਬ ਕੀਤਾ ਹੈ। ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਮਿੰਨੀ ਪੁਲਿਸ ਕੇਂਦਰ ਵਿੱਚ ਸਵੇਰੇ 11 ਵਜੇ ਟੀਮ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਵਿਸ਼ੇਸ਼ ਜਾਂਚ ਟੀਮ ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਫਰੀਦਕੋਟ ਦੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਸਮੇਤ ਇੱਕ ਦਰਜਨ ਉੱਚ ਪੁਲਿਸ ਅਧਿਕਾਰੀਆਂ ਤੋਂ ਪੁੱਛ-ਪੜਤਾਲ ਕਰ ਚੁੱਕੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛ-ਪੜਤਾਲ  ਹੋਣ ਮਗਰੋਂ ਸਪੱਸ਼ਟ ਹੈ ਕਿ ਸੁਮੇਧ ਸੈਣੀ ਤੇ ਪਰਮਰਾਜ ਸਿੰਘ ਉਮਰਾਨੰਗਲ ਦੀ ਕੋਟਕਪੂਰਾ ਗੋਲ਼ੀਕਾਂਡ ਵਿੱਚ ਵੱਡੀ ਭੂਮਿਕਾ ਸੀ।

ਹੁਣ ਜਾਂਚ ਟੀਮ ਇਸ ਮਾਮਲੇ ਵਿੱਚ ਜਾਣਨਾ ਚਾਹੁੰਦੀ ਹੈ ਕਿ ਕੋਟਕਪੂਰਾ ਗੋਲੀਕਾਂਡ ਲਈ ਗ੍ਰਹਿ ਵਿਭਾਗ ਨੇ ਕਿਸੇ ਤਰ੍ਹਾਂ ਦਾ ਆਦੇਸ਼ ਜਾਰੀ ਕੀਤਾ ਸੀ ਕਿ ਨਹੀਂ ਤੇ ਪਰਮਰਾਜ ਸਿੰਘ ਉਮਰਾਨੰਗਲ ਕੋਟਕਪੂਰਾ ਕਿਵੇਂ ਪਹੁੰਚ ਗਏ, ਜਦੋਂਕਿ ਰਿਕਾਰਡ ਮੁਤਾਬਕ ਉਨ੍ਹਾਂ ਨੂੰ ਕਿਸੇ ਨੇ ਕੋਟਕਪੂਰਾ ਭੇਜਿਆ ਹੀ ਨਹੀਂ। ਇਸ ਲਈ ਸੁਖਬੀਰ ਬਾਦਲ ਇਨ੍ਹਾਂ ਸਵਾਲਾਂ ‘ਤੇ ਘਿਰ ਸਕਦੇ ਹਨ ਕਿਉਂਕਿ ਉਹ ਉਸ ਵੇਲੇ ਗ੍ਰਹਿ ਮੰਤਰੀ ਸੀ। ਪੁਲਿਸ ਇੰਨੇ ਨਾਜ਼ੁਕ ਮਾਮਲੇ ਵਿੱਚ ਇੰਨੀ ਵੱਡੀ ਕਾਰਵਾਈ ਗ੍ਰਹਿ ਮੰਤਰੀ ਦੇ ਹੁਕਮਾਂ ਬਗੈਰ ਕਿਵੇਂ ਕਰ ਸਕਦੀ ਹੈ ਤੇ ਜੇਕਰ ਪੁਲਿਸ ਨੇ ਬਗੈਰ ਹੁਕਮ ਗੋਲੀ ਚਲਾਈ ਤਾਂ ਉਸ ਵੇਲੇ ਸਰਕਾਰ ਨੇ ਅਫਸਰਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ।

LEAVE A REPLY

Please enter your comment!
Please enter your name here