*ਕੋਟਕਪੂਰਾ ਗੋਲੀ ਕਾਂਡ: ਆਉਣ ਵਾਲੇ ਤਿੰਨ ਵੀਰਵਾਰ ਨੂੰ ਕੋਈ ਵੀ ਵਿਅਕਤੀ ਐਸ.ਆਈ.ਟੀ. ਨਾਲ ਜਾਣਕਾਰੀ ਕਰ ਸਕਦਾ ਹੈ ਸਾਂਝੀ*

0
28

ਚੰਡੀਗੜ੍ਹ, 12 ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼ ) : ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਅੰਤਮ ਪੜਾਅ ‘ਤੇ ਪਹੁੰਚਣ ਦੇ ਨਾਲ, ਏ.ਡੀ.ਜੀ.ਪੀ. ਐਲ.ਕੇ. ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਅੱਜ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਇਸ ਕੇਸ ਨਾਲ ਸਬੰਧਤ ਕੋਈ ਢੁਕਵੀਂ ਜਾਣਕਾਰੀ ਹੈ, ਜਿਸ ਨਾਲ ਕੇਸ ‘ਤੇ ਪ੍ਰਭਾਵ ਪੈ ਸਕਦਾ ਹੈ, ਤਾਂ ਉਹ ਵਿਅਕਤੀ ਨਿੱਜੀ ਤੌਰ ‘ਤੇ ਉਨ੍ਹਾਂ ਨਾਲ ਪੁਲਿਸ ਹੈੱਡਕੁਆਰਟਰ, ਸੈਕਟਰ 9-ਸੀ, 6ਵੀਂ ਮੰਜ਼ਿਲ ਵਿਖੇ ਸਥਿਤ ਉਨ੍ਹਾਂ ਦੇ ਦਫ਼ਤਰ ਵਿੱਚ ਆਉਣ ਵਾਲੇ ਤਿੰਨ ਵੀਰਵਾਰ ਭਾਵ 16 ਮਾਰਚ, 23 ਮਾਰਚ ਅਤੇ 30 ਮਾਰਚ, 2023 ਨੂੰ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਮੁਲਾਕਾਤ ਕਰ ਸਕਦੇ ਹਨ। ਦੱਸਣਯੋਗ ਹੈ ਕਿ ਕੋਟਕਪੂਰਾ ਗੋਲੀ ਕਾਂਡ 14 ਅਕਤੂਬਰ, 2015 ਨੂੰ ਵਾਪਰਿਆ ਸੀ।
ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਇਸ ਸਬੰਧੀ ਵਟਸਐਪ ਨੰਬਰ 9875983237 ‘ਤੇ ਮੈਸੇਜ ਭੇਜ ਕੇ ਜਾਂ newsit2021kotkapuracase@gmail.com ‘ਤੇ ਈਮੇਲ ਰਾਹੀਂ ਵੀ ਜਾਣਕਾਰੀ ਸਾਂਝੀ ਕਰ ਸਕਦਾ ਹੈ। ਉਹਨਾਂ ਅੱਗੇ ਕਿਹਾ ਕਿ ਇਸ ਪੜਾਅ ‘ਤੇ, ਕਿਸੇ ਵੀ ਜ਼ਿੰਮੇਵਾਰ ਵਿਅਕਤੀ ਵੱਲੋਂ ਦਿੱਤੀ ਗਈ ਕੋਈ ਵੀ ਇਨਪੁਟ/ਜਾਣਕਾਰੀ ਐਸ.ਆਈ.ਟੀ. ਲਈ ਜਾਂਚ ਦੌਰਾਨ ਕਾਨੂੰਨੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ।
 ਏ.ਡੀ.ਜੀ.ਪੀ. ਨੇ ਐਸ.ਆਈ.ਟੀ. ਨੂੰ ਸੌਂਪੀ ਗਈ ਇਸ ਜਿੰਮੇਵਾਰੀ ਨੂੰ ਨਿਭਾਉਣ ਵਿੱਚ ਪੰਜਾਬ ਦੇ ਲੋਕਾਂ ਵੱਲੋਂ ਐਸ.ਆਈ.ਟੀ. ਨੂੰ ਦਿੱਤੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਨਾਲ ਜੁੜੀ ਜਾਂਚ ਦੀ ਕਾਨੂੰਨੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਦੇ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ ਹੈ।
ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਨਿਰਦੇਸ਼ਾਂ ‘ਤੇ ਸੂਬਾ ਸਰਕਾਰ ਨੇ ਏ.ਡੀ.ਜੀ.ਪੀ. ਐਲ.ਕੇ. ਯਾਦਵ, ਆਈ.ਜੀ. ਰਾਕੇਸ਼ ਅਗਰਵਾਲ ਅਤੇ ਐਸ.ਐਸ.ਪੀ. ਮੋਗਾ ਗੁਲਨੀਤ ਸਿੰਘ ਖੁਰਾਣਾ ਸਮੇਤ ਤਿੰਨ ਸੀਨੀਅਰ ਅਧਿਕਾਰੀਆਂ ਵਾਲੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਸੀ। ਐਸ.ਆਈ.ਟੀ. ਵੱਲੋਂ 24 ਫਰਵਰੀ 2023 ਨੂੰ ਅਦਾਲਤ ਵਿੱਚ ਆਪਣਾ ਪਹਿਲਾ ਚਲਾਨ ਪੇਸ਼ ਕੀਤਾ ਗਿਆ ਸੀ।

——–

LEAVE A REPLY

Please enter your comment!
Please enter your name here