
(ਸਾਰਾ ਯਹਾਂ/ਬਿਊਰੋ ਨਿਊਜ਼ ): ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains )ਨੇ ਰੂਪਨਗਰ ਦੇ ਨੰਗਲ (Nangal )’ਚ ਸੋਮਵਾਰ ਸਵੇਰੇ ਐਸਡੀਐਮ ਦਫ਼ਤਰ ਵਿੱਚ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦਫ਼ਤਰ ਵਿੱਚ ਤਾਇਨਾਤ ਕਈ ਮੁਲਾਜ਼ਮ ਡਿਊਟੀ ਤੋਂ ਗੈਰ ਹਾਜ਼ਰ ਪਾਏ। ਇਸ ਤੋਂ ਇਲਾਵਾ ਕਈ ਕਰਮਚਾਰੀ ਸਮੇਂ ਸਿਰ ਡਿਊਟੀ ‘ਤੇ ਨਹੀਂ ਪਹੁੰਚੇ। ਮੰਤਰੀ ਬੈਂਸ ਨੇ ਗੈਰ ਹਾਜ਼ਰ ਪਾਏ ਗਏ ਸਾਰੇ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ।
ਦਫ਼ਤਰ ਵਿੱਚ ਬੇਨਿਯਮੀਆਂ ਨੂੰ ਦੇਖਦਿਆਂ ਮੰਤਰੀ ਬੈਂਸ (Harjot Singh Bains ) ਨੇ ਉੱਥੇ ਮੌਜੂਦ ਮੁਲਾਜ਼ਮਾਂ ਨੂੰ ਆਮ ਆਦਮੀ ਨਾਲ ਸਬੰਧਤ ਸਾਰੇ ਕੰਮ ਇੱਕ ਹਫ਼ਤੇ ਵਿੱਚ ਮੁਕੰਮਲ ਕਰਨ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਅਗਲੇ ਸੋਮਵਾਰ ਨੂੰ ਮੁੜ ਜਾਂਚ ਕਰਨ ਲਈ ਕਿਹਾ ਹੈ। ਮੰਤਰੀ ਬੈਂਸ ਸਵੇਰੇ 9:53 ਵਜੇ ਅਚਾਨਕ ਐਸਡੀਐਮ ਦਫ਼ਤਰ ਪੁੱਜੇ। ਇੱਥੇ ਉਸ ਦੇ ਸਵਾਲ-ਜਵਾਬ ਕਰਨ ਨਾਲ ਮੁਲਾਜ਼ਮਾਂ ਵਿੱਚ ਹੜਕੰਪ ਮਚ ਗਿਆ ਹੈ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਮੰਤਰੀ ਵੱਲੋਂ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਹਰ ਕਾਊਂਟਰ ਦੇ ਸਾਹਮਣੇ ਜਾ ਕੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ।
ਮੰਤਰੀ ਬੈਂਸ ਨੇ ਐਸਡੀਐਮ ਦਫ਼ਤਰ ਦਾ ਰਿਕਾਰਡ ਵੀ ਚੈੱਕ ਕੀਤਾ। ਇਸ ਦੇ ਨਾਲ ਹੀ ਮੁਲਾਜ਼ਮਾਂ ਦੇ ਦਫ਼ਤਰ ਪਹੁੰਚਣ ਦੇ ਸਮੇਂ ਅਤੇ ਵਾਪਸੀ ਦੇ ਸਮੇਂ ਬਾਰੇ ਵੀ ਜਾਣਕਾਰੀ ਲਈ ਗਈ। ਨਾਲ ਹੀ ਸਾਰੇ ਕਰਮਚਾਰੀਆਂ ਨੂੰ ਭਵਿੱਖ ਲਈ ਚੌਕਸੀ ਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਚਿਤਾਵਨੀ ਦਿੱਤੀ। ਮੰਤਰੀ ਨੇ ਅਗਲੀ ਜਾਂਚ ਦੌਰਾਨ ਕੋਈ ਢਿੱਲ ਨਾ ਦਿਖਾਉਣ ਦੀ ਚਿਤਾਵਨੀ ਦਿੱਤੀ ਹੈ।
