ਸਰਦੂਲਗਡ਼੍ਹ, 6 ਜਲਾਈ (ਸਾਰਾ ਯਹਾਂ/ਬਲਜੀਤ ਪਾਲ): ਇਕ ਪਾਸੇ ਸੂਬੇ ਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਜ਼ਾਨਾ ਖਾਲੀ ਹੋਣ ਦੀ ਦੁਹਾਈ ਪਾ ਰਿਹਾ ਹੈ ਪਰ ਦੂਸਰੇ ਪਾਸੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਤੋਂ ਟੈਕਸ ਦੇ ਰੂਪ ਵਿੱਚ ਇਕੱਠੇ ਕੀਤੇ ਗਏ ਧਨ ਨੂੰ ਸੂਬੇ ਦਾ ਮੁੱਖ ਮੰਤਰੀ ਪਾਣੀ ਦੇ ਵਾਂਗ ਵਹਾਅ ਰਿਹਾ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਰਦੂਲਗੜ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇਮ ਚੰਦ ਚੌਧਰੀ ਨੇ ਪੱਤਰਕਾਰਾਂ ਕੋਲ ਕੀਤਾ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਕਾਂਗਰਸ ਦੀ ਸੂਬਾ ਲੀਡਰਸਿੱਪ ਚ ਚੱਲ ਰਹੇ ਕਾਟੋ ਕਲੇਸ਼ ਨੂੰ ਖ਼ਤਮ ਕਰ ਲਈ ਪਹਿਲਾਂ ਵੀ ਕਈ ਵਾਰ ਦਿੱਲੀ ਹਾਈ ਕਮਾਂਡ ਸੂਬੇ ਦੇ ਕਈ ਲੀਡਰਾਂ ਨੂੰ ਮਿਲਕੇ ਗੱਲਬਾਤ ਕਰ ਚੁੱਕੀ ਹੈ। ਇਸੇ ਤਹਿਤ ਹੀ ਸੂਬੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸੋਨੀਆ ਗਾਂਧੀ ਨਾਲ ਇਕ ਵਿਸ਼ੇਸ਼ ਮੁਲਾਕਾਤ ਕਰਨ ਲਈ ਆਪਣੇ ਸਰਕਾਰੀ ਹੈਲੀਕਾਪਟਰ ਰਾਹੀ ਦਿੱਲੀ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਨਿੱਜੀ ਕੰਮ ਲਈ ਸਰਕਾਰੀ ਹੈਲੀਕਾਪਟਰ ਨੂੰ ਵਰਤਣਾ ਗੈਰਕਾਨੂੰਨੀ ਹੈ ਅਤੇ ਇਸ ਤੇ ਆਉਣ ਵਾਲੇ ਖਰਚ ਦਾ ਬੋਝ ਸੂਬੇ ਦੇ ਲੋਕਾਂ ਤੇ ਪਾਇਆ ਜਾ ਰਿਹਾ ਹੈ ਜੋ ਕਿ ਗ਼ਲਤ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੇ ਹੱਕ ਦੀ ਕਮਾਈ ਨੂੰ ਇਸ ਤਰ੍ਹਾਂ ਪਾਰਟੀ ਦੇ ਨਿੱਜੀ ਕੰਮਾਂ ਤੇ ਖ਼ਰਚ ਕਰਨਾ ਸੂਬੇ ਦੇ ਲੋਕਾਂ ਨਾਲ ਸ਼ਰ੍ਹੇਆਮ ਧੱਕਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਜਾਗਰੂਕ ਹੋ ਚੁੱਕੇ ਹਨ ਤੇ ਹੁਣ ਇਨ੍ਹਾਂ ਗੱਲਾਂ ਨੂੰ ਭਲੀ ਭਾਂਤ ਸਮਝ ਚੁੱਕੇ ਹਨ ਕਿ ਕਿਸ ਤਰਾਂ ਖਜਾਨਾਂ ਖਾਲੀ ਹੋਣ ਦਾ ਰੌਲਾ ਪਾਕੇ ਸੂਬੇ ਦੇ ਖਿਜਾਨੇ ਦੀ ਦੁਰਵਰਤੋ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਕਾਰਜਾਂ ਤੇ ਲਗਾਏ ਜਾਣ ਵਾਲੇ ਪੈਸੇ ਦੀ ਹੋ ਰਹੀ ਦੁਰਵਰਤੋਂ ਦਾ ਹਿਸਾਬ ਸੂਬੇ ਦੇ ਵੋਟਰ 2022 ਦੀਆਂ ਵਿਧਾਨ ਸਭਾ ਚੋਣਾਂ ਚ ਲੈਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਦੱਸ ਸਾਲ ਅਕਾਲੀਆਂ ਨੇ ਰੱਜ ਕੇ ਸੂਬੇ ਨੂੰ ਲੁੱਟਿਆ ਅਤੇ ਹੁਣ ਉਹੀ ਹਾਲ ਕਾਂਗਰਸ ਦਾ ਹੈ ਜੋ ਸੂਬੇ ਨੂੰ ਕੰਗਾਲ ਕਰਨ ਤੇ ਤੁਲੀ ਹੋਈ ਹੈ ਤੇ ਸੂਬੇ ਦੇ ਸੂਝਵਾਨ ਵੋਟਰ ਅਕਾਲੀਆਂ ਦੀ ਤਰ੍ਹਾਂ ਇਸ ਵਾਰ ਕਾਂਗਰਸ ਨੂੰ ਵੀ ਸਿਰੇ ਤੋਂ ਨਕਾਰ ਦੇਣਗੇ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਸੂਬੇ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ਤੇ ਲੈ ਕੇ ਆਉਣਗੇ।