ਕੈਪਟਨ ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਘਰ ਵਾਪਸ ਭੇਜਣ ਰੇਲ ਗੱਡੀਆਂ ਚਲਾਉਣ ਵਾਸਤੇ ਅਮਿਤ ਸ਼ਾਹ ਦਾ ਦਖ਼ਲ ਮੰਗਿਆ

0
24

ਚੰਡੀਗੜ, 4 ਮਈ ( ਸਾਰਾ ਯਹਾ/ਬਲਜੀਤ ਸ਼ਰਮਾ)  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪੰਜਾਬ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਨੂੰ ਉਨਾਂ ਦੇ ਸੂਬਿਆਂ ਵਿੱਚ ਭੇਜਣ ਲਈ 5 ਮਈ ਤੋਂ 10-15 ਦਿਨ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕਰਨ ਵਾਸਤੇ ਉਨਾਂ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਢੁਕਵੇਂ ਇੰਤਜ਼ਾਮ ਕਰਨ ਲਈ ਰੇਲਵੇ ਮੰਤਰਾਲੇ ਨੂੰ ਹਦਾਇਤ ਕਰਨ ਦੀ ਅਪੀਲ ਕੀਤੀ ਕਿਉਂ ਜੋ ਪੰਜਾਬ ਵਿੱਚ ਫਸੇ ਪਰਵਾਸੀ ਕਾਮੇ ਆਪਣੇ ਜੱਦੀ ਸਥਾਨਾਂ ’ਤੇ ਵਾਪਸ ਮੁੜਨ ਲਈ ਬੇਚੈਨ ਹਨ।
ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਪੋਰਟਲ   www.covidhelp.punjab.gov.in   ਉਪਰ ਸਫਲਤਾਪੂਰਵਕ ਰਜਿਸਟਰਡ ਹੋ ਚੁੱਕੇ 6.44 ਲੱਖ ਤੋਂ ਵੱਧ ਪਰਵਾਸੀ ਕਾਮਿਆਂ ਵੱਲੋਂ ਘਰ ਵਾਪਸ ਜਾਣ ਦੀ ਇੱਛਾ ਜ਼ਾਹਰ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਅਪੀਲ ਕੀਤੀ ਹੈ।
ਸ੍ਰੀ ਸ਼ਾਹ ਨੂੰ ਭੇਜੇ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਪੋਰਟਲ ’ਤੇ ਰਜਿਸਟਰਡ ਹੋ ਚੁੱਕੇ ਲੋਕਾਂ ਦੀ ਵਾਪਸੀ ਲਈ ਟਰਾਂਸਪੋਰਟ ਵਾਸਤੇ ਅਗਲੇ 10-15 ਦਿਨ ਰੇਲਵੇ ਮੰਤਰਾਲੇ ਨੂੰ ਰੇਲ ਗੱਡੀਆਂ ਦੀਆਂ ਜ਼ਰੂਰਤਾਂ ਮੁਤਾਬਕ ਰੋਜ਼ਾਨਾ ਸੂਚਿਤ ਕਰਿਆ ਕਰੇਗੀ। ਸਥਾਨਕ ਪੱਧਰ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਰਵਾਸੀ ਕਾਮਿਆਂ ਦੀ ਨਿਰਵਿਘਨ ਆਵਾਜਾਈ ਦੀ ਯੋਜਨਾ ਬਣਾਉਣ ਲਈ ਪੰਜਾਬ ਦੇ ਅਫਸਰ ਸਬੰਧਤ ਸੂਬਿਆਂ ਅਤੇ ਰੇਲਵੇ ਦੇ ਅਧਿਕਾਰੀਆਂ ਨਾਲ ਤਾਲਮੇਲ ਕਾਇਮ ਕਰ ਰਹੇ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਉਦਯੋਗ ਅਤੇ ਖੇਤੀਬਾੜੀ ਸੈਕਟਰ ਵਿੱਚ ਆਰਜ਼ੀ ਰੋਜ਼ਗਾਰ ਹਾਸਲ ਕਰਨ ਲਈ ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰ ਪੂਰਬੀ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਕਾਮੇ ਆਉਂਦੇ ਹਨ। ਉਨਾਂ ਕਿਹਾ ਕਿ ਇਹ ਲੋਕ ਜੋ ਆਮ ਤੌਰ ’ਤੇ ਹੋਲੀ ਤੋਂ ਬਾਅਦ ਮਾਰਚ ਵਿੱਚ ਚਲੇ ਜਾਂਦੇ ਹਨ, ਇਸ ਸਾਲ ਲੌਕਡਾੳੂਨ ਲਾਗੂ ਹੋਣ ਕਰਕੇ ਵਾਪਸ ਨਹੀਂ ਜਾ ਸਕੇ।
ਕੈਪਟਨ ਅਮਰਿਦਰ ਸਿੰਘ ਨੇ ਕਿਹਾ ਕਿ ਭਾਵੇਂ ਸੂਬਾ ਸਰਕਾਰ ਵੱਲੋਂ ਪਿਛਲੇ ਛੇ ਹਫਤਿਆਂ ਤੋਂ ਇਨਾਂ ਕਾਮਿਆਂ ਨੂੰ ਭੋਜਨ ਅਤੇ ਰਹਿਣ-ਸਹਿਣ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ ਪਰ ਹੁਣ ਉਹ ਕੁਦਰਤੀ ਤੌਰ ’ਤੇ ਆਪਣੇ ਘਰ ਜਾਣਾ ਚਾਹੁੰਦੇ ਹਨ। ਉਨਾਂ ਨੇ ਇਨਾਂ ਵਿਸ਼ੇਸ਼ ਲੋੜਾਂ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਨੂੰ ਫੌਰੀ ਦਖ਼ਲ ਦੇਣ ਦੀ ਅਪੀਲ ਕੀਤੀ।
———

LEAVE A REPLY

Please enter your comment!
Please enter your name here