
ਨਵੀਂ ਦਿੱਲੀ 04,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਵਿਚਾਲੇ ਹੋਈਆਂ ਤਿੱਖੀਆਂ ਬਿਆਨਬਾਜ਼ੀਆਂ ਦਾ ਵਿਵਾਦ ਹੁਣ ਦਿੱਲੀ ਪੁੱਜ ਚੁੱਕਾ ਹੈ। ਵਿਧਾਇਕ ਪ੍ਰਗਟ ਸਿੰਘ ਤੇ ਸੂਬਾ ਕਾਂਗਰਸ ਕਮੇਟੀ ਦੇ ਕੁਝ ਹੋਰ ਆਗੂਆਂ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ।
ਸੂਤਰਾਂ ਅਨੁਸਾਰ ਹੁਣ ਇਸ ਅੰਦਰੂਨੀ ਕਾਟੋ-ਕਲੇਸ਼ ਨੂੰ ਦੂਰ ਕਰਨ ਲਈ ਕਾਂਗਰਸ ਪਾਰਟੀ ਪੰਜਾਬ ਵਿੱਚ ਦੋ ਉੱਪ ਮੁੱਖ ਮੰਤਰੀ ਤੇ ਨਵਜੋਤ ਸਿੱਧੂ ਨੂੰ ‘ਕੈਂਪੇਨ ਕਮੇਟੀ’ ਦਾ ਮੁਖੀ ਬਣਾਉਣ ਦਾ ਫ਼ਾਰਮੂਲਾ ਕੱਢ ਸਕਦੀ ਹੈ। ਅੱਜ ਕੈਪਟਨ ਅਮਰਿੰਦਰ ਸਿੰਘ ਨੇ ਵੀ ਤਿੰਨ ਮੈਂਬਰੀ ਪੈਨਲ ਸਾਹਵੇਂ ਪੁੱਜ ਕੇ ਆਪਣੀ ਗੱਲ ਰੱਖੀ।
ਅਜਿਹੀ ਚਰਚਾ ਹੈ ਕਿ ਨਵਜੋਤ ਸਿੱਧੂ ਨੂੰ ਸਰਕਾਰ ਵਿੱਚ ਉੱਪ ਮੁੱਖ ਮੰਤਰੀ ਵਜੋਂ ਸ਼ਾਮਲ ਕਰਨ ਤੇ ਉਨ੍ਹਾਂ ਨਾਲ ਕਿਸੇ ਹਿੰਦੂ ਦਲਿਤ ਨੂੰ ਦੂਜਾ ਉੱਪ ਮੁੱਖ ਮੰਤਰੀ ਬਣਾਉਣ ਦੇ ਫ਼ਾਰਮੂਲੇ ਉੱਤੇ ਵਿਚਾਰ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਈ ਕਮਾਂਡ ਨੂੰ ਆਪਣੇ ਇਸ ਸਟੈਂਡ ਬਾਰੇ ਪਹਿਲਾਂ ਤੋਂ ਹੀ ਜਾਣੂ ਕਰਵਾ ਚੁੱਕੇ ਹਨ ਕਿ ਉੱਪ ਮੁੱਖ ਮੰਤਰੀ ਤੇ ਸੂਬਾ ਕਾਂਗਰਸ ਕਮੇਟੀ ਦੇ ਮੁਖੀ ਦਾ ਅਹੁਦਾ ਸਿੱਖ ਨੂੰ ਦੇਣ ਨਾਲ ਵਧੀਆ ਸੰਕੇਤ ਨਹੀਂ ਜਾਵੇਗਾ।
ਕੈਪਟਨ ਨੇ ਕੀਤੀ 3 ਮੈਂਬਰੀ ਪੈਨਲ ਨਾਲ ਗੱਲਬਾਤ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਸੂਬਾ ਇਕਾਈ ’ਚ ਚੱਲ ਰਿਹਾ ਕਲੇਸ਼ ਦੂਰ ਕਰਨ ਦੇ ਮੰਤਵ ਨਾਲ ਗਠਤ ਕਮੇਟੀ ਸਾਹਵੇਂ ਪੁੱਜ ਕੇ ਆਪਣੀ ਗੱਲ ਰੱਖੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ ਕਦਮ ਨਾਲ ਹੀ ਕਮੇਟੀ ਦੀ ਆਪਸੀ ਗੱਲਬਾਤ ਦੀ ਕਵਾਇਦ ਮੁਕੰਮਲ ਹੋ ਗਈ। ਹੁਣ ਇਹ ਪੈਨਲ ਆਪਣੀ ਰਿਪੋਰਟ ਹਾਈ ਕਮਾਂਡ ਹਵਾਲੇ ਕਰੇਗਾ।
ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਦੀ ਪ੍ਰਧਾਨਗੀ ਹੇਠਲੀ ਕਮੇਟੀ ਨੇ ਪਿਛਲੇ ਚਾਰ ਦਿਨਾਂ ਦੌਰਾਨ ਪੰਜਾਬ ਕਾਂਗਰਸ ਦੇ 100 ਤੋਂ ਵੱਧ ਆਗੂਆਂ ਤੋਂ ਉਨ੍ਹਾਂ ਦੀ ਰਾਇ ਲਈ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਵਿਧਾਇਕ ਹਨ। ਖੜਗੇ ਤੋਂ ਇਲਾਵਾ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਬਾਰੇ ਪਾਰਟੀ ਦੇ ਇੰਚਾਰਜ ਹਰੀਸ਼ ਰਾਵਤ ਤੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਜੇਪੀ ਅਗਰਵਾਲ ਇਸ ਕਮੇਟੀ ’ਚ ਸ਼ਾਮਲ ਹਨ।
