*ਕੈਪਟਨ ਸਰਕਾਰ ਖਿਲਾਫ ਡਟੇ ਰੋਡਵੇਜ਼ ਮੁਲਾਜ਼ਮ, ਕੈਪਟਨ ਤੇ ਸਿੱਧੂ ਦੇ ਘਿਰਾਓ ਦਾ ਐਲਾਨ*

0
23

ਚੰਡੀਗੜ੍ਹ 26,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਬਟਾਲਾ ‘ਚ ਪਨਬੱਸ ਤੇ ਪੀਆਰਟੀਸੀ ਵੱਲੋਂ 9,10 ਤੇ 11 ਅਗਸਤ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਰਮਚਾਰੀਆਂ ਨੇ ਕਿਹਾ ਕਿ 3-4 ਅਗਸਤ ਨੂੰ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਅੱਜ 8 ਤੋਂ 12 ਵਜੇ ਤੱਕ ਬੱਸ ਸਟੈਂਡ ਬਟਾਲਾ ਬੰਦ ਕਰਕੇ ਸਰਕਾਰ ਖਿਲਾਫ ਧਰਨਾ ਦਿੱਤਾ ਤੇ ਪੁਤਲਾ ਫੂਕਿਆ ਗਿਆ।

ਇਸ ਮੌਕੇ ਪ੍ਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਰਕਾਰ ਨੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪਹਿਲੀ ਵਾਰ ਕੈਬਨਿਟ ਵਿੱਚ ਪੱਕਾ ਕਰਨ ਦਾ ਵਾਅਦਾ ਚੋਣਾਂ ਤੋਂ ਪਹਿਲਾਂ ਕੀਤਾ ਸੀ। ਅੱਜ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਅਦ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਥਾਂ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਬਠਿੰਡਾ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਮਨਪ੍ਰੀਤ ਬਾਦਲ ਖਿਲਾਫ਼ ਸ਼ਾਂਤ ਰੋਸ ਪ੍ਰਦਰਸ਼ਨ ਕਰਦੇ ਮੁਲਾਜ਼ਮਾਂ ‘ਤੇ ਲਾਠੀਚਾਰਜ ਕਰਕੇ ਇਹ ਸਾਬਤ ਕੀਤਾ ਹੈ ਕਿ ਸਰਕਾਰ ਸਾਰੇ ਵਾਅਦਿਆਂ ਤੋਂ ਭੱਜੀ ਹੈ। ਪੰਜਾਬ ਦੇ ਲੋਕਾਂ ਦਾ ਮੌਜੂਦਾ ਸਰਕਾਰ ਕੋਲ ਕੋਈ ਹੱਲ ਨਹੀਂ। ਸਰਕਾਰ ਸਾਰੇ ਪਾਸਿਓਂ ਫੇਲ੍ਹ ਹੋ ਚੁੱਕੀ ਹੈ।

ਸਰਾਕਰ ਨੂੰ ਚੇਤਾਵਨੀ ਦਿੰਦਿਆਂ ਪ੍ਰਦਰਸ਼ਨਕਾਰੀਆਂ ਨੇ ਅੱਗੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਜਲਦ ਨਹੀਂ ਮੰਨੀਆਂ ਤਾਂ ਸੰਘਰਸ਼ ਤਿੱਖਾ ਕੀਤੀ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੰਗਾਂ ਨੂੰ ਮਨਵਾਉਣ ਲਈ ਕੀਤੀ ਹੜਤਾਲ ਸਬੰਧੀ 1 ਜੁਲਾਈ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਸੀ। ਇਸ ਵਿੱਚ ਮੰਤਰੀ ਵੱਲੋਂ ਯੂਨੀਅਨ ਤੋਂ ਪ੍ਰਪੋਜਲ ਮੰਗਿਆ ਗਿਆ ਸੀ ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਪਨਬੱਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ।

ਹੁਣ 24 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਹੱਲ ਨਹੀਂ ਹੋਇਆ ਜਿਸ ਕਾਰਨ ਅੱਜ ਯੂਨੀਅਨ ਨੇ ਮੀਟਿੰਗ ਕਰਕੇ 26 ਜੁਲਾਈ ਨੂੰ ਪੰਜਾਬ ਦੇ ਸਾਰੇ ਬੱਸ ਸਟੈਂਡ ਬੰਦ ਕਰਕੇ ਧਰਨੇ ਦੇਣਗੇ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਦਿੱਤੇ ਦੋ ਰੋਜ਼ਾ ਕੰਮ ਛੱਡੋ ਪ੍ਰੋਗਰਾਮ ਮੁਤਾਬਕ 3-4 ਅਗਸਤ ਨੂੰ ਸਮੂਹ ਬੱਸ ਸਟੈਂਡ ਬੰਦ ਕਰਕੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਫਿਰ ਵੀ ਕੋਈ ਹੱਲ ਨਾ ਕੱਢਿਆ ਤਾਂ ਮਿਤੀ 9, 10, 11 ਅਗਸਤ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ ਕਿ ਜੇਕਰ ਫਿਰ ਵੀ ਹੱਲ ਨਾ ਕੀਤਾ ਗਿਆ ਤਾਂ ਅਗਲਾ ਐਕਸ਼ਨ ਅਣਮਿੱਥੇ ਸਮੇਂ ਦੀ ਹੜਤਾਲ ਕਰਕੇ ਤਿੱਖਾ ਸੰਘਰਸ਼ ਹੋਵੇਗਾ।

ਪਟਿਆਲਾ ਚ ਬੱਸ ਸਟੈਂਡ ਦਾ ਗੇਟ ਬੰਦ ਕਰ ਪ੍ਰਦਰਸ਼ਨ:

ਸ਼ਾਹੀ ਸ਼ਹਿਰ ਪਟਿਆਲਾ ‘ਚ ਕੱਚੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਦੇ ਬੱਸ ਅੱਡੇ ਦਾ ਗੇਟ ਬੰਦ ਕਰਕੇ ਦੋ ਘੰਟੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਿਸ ਕਾਰਨ ਇੱਥੇ ਲੰਬਾ ਟ੍ਰੈਫਿਕ ਜਾਮ ਰਿਹਾ ਅਤੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੱਚੇ ਕਰਮਚਾਰੀਆਂ ਨੇ ਦੱਸਿਆ ਕਿ ਸਰਕਾਰ ਸਾਡੇ ਤੋਂ ਕਈ ਸਾਲਾਂ ਤੋਂ ਕੰਮ ਲੈ ਰਹੀ ਹੈ ਪਰ ਨਾ ਤਾਂ ਸਾਨੂੰ ਪੱਕਾ ਕਰ ​​ਰਹੀ ਹੈ ਅਤੇ ਨਾ ਹੀ ਸਾਡੀਆਂ ਤਨਖਾਹਾਂ ਵਧਾ ਰਹੀ ਹੈ।

ਲੁਧਿਆਣਾ ਚ ਰਿਹਾ ਇਹ ਹਾਲ:

ਪੰਜਾਬ ਸਰਕਾਰ ਖ਼ਿਲਾਫ਼ ਬੱਸ ਮੁਲਾਜਮਾਂ ਦਾ ਪ੍ਰਦਰਸ਼ਨ ਕਰਕੇ ਲੁਧਿਆਣਾ ‘ਚ ਵੀ ਆਮ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ। ਸਰਕਾਰ ਤੋਂ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਅਤੇ ਪਨਬੱਸ ਕਾਮਿਆਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਦਾ ਅੱਜ ਵਿਆਪਕ ਅਸਰ ਦੇਖਣ ਨੂੰ ਮਿਲਿਆ। ਜਿੱਥੇ ਮੁਲਾਜ਼ਮ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਸੀ, ਉੱਥੇ ਹੀ ਸਵਾਰੀਆਂ ਪ੍ਰੇਸ਼ਾਨ ਸੀ।

ਲੁਧਿਆਣਾ ਡਿੱਪੂ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸੂਬਾ ਪੱਧਰੀ ਕਮੇਟੀ ਦੇ ਸੱਦੇ ਤੇ ਇਹ ਹੜਤਾਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਬੀਤੇ ਕਈ ਸਮੇਂ ਤੋਂ ਸਰਕਾਰ ਤੋਂ ਆਪਣੀ ਮੰਗਾਂ ਰੱਖ ਰਹੇ ਹਨ ਲੇਕਿਨ ਸਰਕਾਰ ਵੱਲੋਂ ਉਨ੍ਹਾਂ ‘ਤੇ ਧਿਆਨ ਨਹੀਂ ਦੇ ਰਹੀ ਜਿਸ ਮਗਰੋਂ ਹੁਣ 9, 10 ਤੇ 11 ਅਗਸਤ ਨੂੰ ਬੱਸ ਮੁਲਾਜ਼ਮਾਂ ਵੱਲੋਂ ਸੂਬਾ ਪੱਧਰੀ ਹੜਤਾਲ ਕੀਤੀ ਜਾਵੇਗੀ।

LEAVE A REPLY

Please enter your comment!
Please enter your name here