
ਚੰਡੀਗੜ੍ਹ (ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਬ ਇੰਸਪੈਕਟਰ ਹਰਜੀਤ ਸਿੰਘ ਦੀ ਵੀਡੀਓ ਸਾਂਝੀ ਕੀਤੀ, ਜੋ ਇਸ ਮਹੀਨੇ ਦੇ ਸ਼ੁਰੂਆਤ ‘ਚ ਨਿਹੰਗਾਂ ਵੱਲੋਂ ਕੀਤੇ ਹਮਲੇ ਦਾ ਸ਼ਿਕਾਰ ਹੋਇਆ ਸੀ। ਇਸ ਹਮਲੇ ‘ਚ ਹਰਜੀਤ ਸਿੰਘ ਦਾ ਹੱਥ ਕੱਟਣ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਹਾਸਲ ਜਾਣਕਾਰੀ ਮੁਤਾਬਕ ਹੁਣ ਹਰਜੀਤ ਸਿੰਘ ਠੀਕ ਹੋ ਰਿਹਾ ਹੈ ਤੇ ਉਸ ਦੇ ਹੱਥ ‘ਚ ਵੀ ਕੁਝ ਹਿੱਲਜੁੱਲ ਹੋਈ ਹੈ।
ਇਸ ਦੀ ਜਾਣਕਾਰੀ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਟਵਿਟਰ ‘ਤੇ ਵੀਡੀਓ ਸ਼ੇਅਰ ਕਰ ਕੇ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ, “ਪੀਜੀਆਈ ਵਿੱਚ ਐਸਆਈ ਹਰਜੀਤ ਸਿੰਘ ਦੇ ਹੱਥ ਦੇ ਅਪ੍ਰੇਸ਼ਨ ਨੂੰ ਦੋ ਹਫ਼ਤੇ ਹੋ ਗਏ ਹਨ। ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹ ਠੀਕ ਹੋ ਰਿਹਾ ਹੈ ਤੇ ਉਨ੍ਹਾਂ ਦੇ ਹੱਥਾਂ ‘ਚ ਮੂਵਮੈਂਟ ਮੁੜ ਸ਼ੁਰੂ ਹੋ ਗਈ ਹੈ। ਬਹਾਦਰ ਹਰਜੀਤ ਸਿੰਘ ਦਾ ਇਹ ਵੀਡੀਓ ਤੁਹਾਡੇ ਸਾਰਿਆਂ ਨਾਲ ਸਾਂਝਾ ਕੀਤਾ ਹੈ।”
‘ਨਿਹੰਗਾਂ’ ਨਾਲ ਹੈਰਾਨ ਕਰਨ ਵਾਲੀ ਝੜਪ ਤੋਂ ਥੋੜ੍ਹੀ ਦੇਰ ਬਾਅਦ ਪੀਜੀਆਈ ਦੇ ਡਾਕਟਰਾਂ ਦੀ ਇੱਕ ਟੀਮ ਨੇ ਲਗਪਗ ਅੱਠ ਘੰਟੇ ਦੀ ਸਰਜਰੀ ਤੋਂ ਬਾਅਦ ਹੱਥ ਨੂੰ ਸਫਲਤਾਪੂਰਵਕ ਦੁਬਾਰਾ ਲਾਉਣ ‘ਚ ਕਾਮਯਾਬੀ ਹਾਸਲ ਕੀਤੀ ਸੀ।
ਵੀਡੀਓ ‘ਚ ਸਬ-ਇੰਸਪੈਕਟਰ ਨੇ ਆਤਮ ਵਿਸ਼ਵਾਸ ਨਾਲ ਆਪਣੀ ਸਿਹਤ ਬਾਰੇ ਸਵਾਲਾਂ ਦੇ ਜਵਾਬ ਦਿੱਤੇ। ਦੱਸ ਦਈਏ ਕਿ 50 ਸਾਲਾ ਆਪਣੇ ਜ਼ਖਮੀ ਹਰਜੀਤ ਸਿੰਘ ਆਪਣੇ ਹੱਥ ਦੀਆਂ ਉਂਗਲਾਂ ਨੂੰ ਥੋੜ੍ਹਾ ਹਿਲਾਉਣ ‘ਚ ਕਾਮਯਾਬ ਰਿਹਾ।
