
ਚੰਡੀਗੜ੍ਹ 26 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਅਫਰਸ਼ਾਹੀ ‘ਚ ਵੱਡਾ ਫੇਰ ਬਦਲ ਕੀਤਾ ਗਿਆ ਹੈ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਲਏ ਗਏ ਇਸ ਫੈਸਲੇ ‘ਤੇ ਚਰਚਾ ਵੀ ਸ਼ੁਰੂ ਹੋ ਚੁੱਕੀ ਹੈ। ਮੁੱਖ ਮੰਤਰੀ ਵੱਲੋਂ ਲਏ ਗਏ ਇਸ ਫੈਸਲੇ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਇੱਕੋ ਹੀ ਘਰ ਨੂੰ ਪਾਵਰ ਸੈਂਟਰ ਬਣਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਹੁਣ ਪੰਜਾਬ ਦੇ ਦੋਵਾਂ ਵੱਡੇ ਅਹੁਦਿਆਂ ‘ਤੇ ਪਤੀ ਤੇ ਪਤਨੀ ਦੀ ਨਿਯੁਕਤੀ ਕਰ ਦਿੱਤੀ ਹੈ।
ਦਰਅਸਲ, ਪੰਜਾਬ ਸਰਕਾਰ ਨੇ ਵੱਡੀ ਤਬਦੀਲੀ ਕਰਦੇ ਹੋਏ ਮੁੱਖ ਸੱਕਤਰ ਕਰਨ ਅਵਤਾਰ ਸਿੰਘ ਦੀ ਥਾਂ ਵਿੰਨੀ ਮਹਾਜਨ ਨੂੰ ਮੁੱਖ ਸਕੱਤਰ ਲਾ ਦਿੱਤਾ ਹੈ।IAS ਅਧਿਕਾਰੀ ਵਿੰਨੀ ਮਹਾਜਨ ਪੰਜਾਬ ਦੀ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਹੈ।ਪੰਜਾਬ ਵਿੱਚ ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਪਤੀ ਡੀਜੀਪੀ ਅਤੇ ਪਤਨੀ ਚੀਫ ਸੈਕਟਰੀ ਵਜੋਂ ਨਿਯੁਕਤ ਹੋਣ।
ਕਰਨ ਅਵਤਾਰ ਸਿੰਘ ਨੂੰ ਗਵਰਨੈਂਸ ਰਿਫਾਰਮਜ਼ ਦੇ ਵਿਸ਼ੇਸ਼ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਗਿਆ ਹੈ। ਉਹ 31 ਅਗਸਤ ਨੂੰ ਰਿਟਾਇਰ ਹੋ ਰਹੇ ਹਨ।
ਤੁਹਾਨੂੰ ਦਸ ਦੇਈਏ ਕਿ ਦੋ ਸੀਨੀਅਰ ਆਈਪੀਐਸ ਅਧਿਕਾਰੀਆਂ ਨੇ ਗੁਪਤਾ ਦੀ ਨਿਯੁਕਤੀ ਨੂੰ CAT ਵਿੱਚ ਚੁਣੌਤੀ ਦਿੱਤੀ ਸੀ। ਕੈਟ ਨੇ ਦਿਨਕਰ ਗੁਪਤਾ ਦੀ ਡੀਜੀਪੀ ਦੇ ਅਹੁਦੇ ਲਈ ਨਿਯੁਕਤੀ ਵੀ ਰੱਦ ਕਰ ਦਿੱਤੀ ਸੀ, ਹੁਣ ਇਹ ਮਾਮਲਾ ਹਾਈ ਕੋਰਟ ਵਿੱਚ ਹੈ। ਹਾਈ ਕੋਰਟ ਨੇ ਕੈਟ ਦੇ ਫੈਸਲੇ ਤੇ ਕਈ ਮਹੀਨਿਆਂ ਤੋਂ ਰੋਕ ਲਾਈ ਹੋਈ ਹੈ।
