
ਚੰਡੀਗੜ੍ਹ 3,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਸਾਵਧਾਨ ਕੀਤਾ ਹੈ ਕਿ ਖੇਤੀ ਕਾਨੂੰਨਾਂ ਬਾਰੇ ਰੇੜਕੇ ਦਾ ਹੱਲ ਨਾ ਕੱਢਿਆ ਤਾਂ ਦੇਸ਼ ਦੀ ਸੁਰੱਖਿਆ ਖਤਰੇ ਵਿੱਚ ਪੈ ਸਕਦੀ ਹੈ। ਅੱਜ ਦਿੱਲੀ ਵਿੱਚ ਸ਼ਾਹ ਨਾਲ ਮੀਟਿੰਗ ਮਗਰੋਂ ਕੈਪਟਨ ਨੇ ਕਿਹਾ ਕਿ ਕਿਸਾਨ ਅੰਦੋਲਨ ਨਾਲ ਪੰਜਾਬ ਦੀ ਆਰਥਿਕਤਾ ਤੇ ਦੇਸ਼ ਦੀ ਸੁਰੱਖਿਆ ਪ੍ਰਭਾਵਤ ਹੋ ਰਹੀ ਹੈ। ਇਸ ਲਈ ਮਸਲੇ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾਵੇ।
ਦਰਅਸਲ ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ਮਗਰੋਂ ਕੈਪਟਨ ਨੇ ਕਿਹਾ ਕਿ ਕਿਸਾਨਾਂ ਤੇ ਕੇਂਦਰ ਦਰਮਿਆਨ ਮੀਟਿੰਗ ਚੱਲ ਰਹੀ ਹੈ। ਮੇਰੇ ਹੱਲ ਕਰਨ ਲਈ ਕੁਝ ਵੀ ਨਹੀਂ। ਮੈਂ ਗ੍ਰਹਿ ਮੰਤਰੀ ਨਾਲ ਮੁਲਾਕਾਤ ਵਿੱਚ ਆਪਣੇ ਵਿਰੋਧ ਨੂੰ ਦੁਹਰਾਇਆ ਤੇ ਉਨ੍ਹਾਂ ਨੂੰ ਮਸਲਾ ਹੱਲ ਕਰਨ ਦੀ ਬੇਨਤੀ ਕੀਤੀ ਹੈ।
ਇਹ ਵੀ ਚਰਚਾ ਹੈ ਕਿ ਕੇਂਦਰ ਸਰਕਾਰ ਮੁੱਖ ਮੰਤਰੀ ਤੋਂ ਕਿਸਾਨ ਅੰਦੋਲਨ ਬਾਰੇ ਪੂਰੀ ਰਿਪੋਰਟ ਲੈਣੀ ਚਾਹੁੰਦੀ ਸੀ। ਇਸ ਰਿਪੋਰਟ ਮਗਰੋਂ ਹੀ ਸਰਕਾਰ ਕਿਸਾਨਾਂ ਨੂੰ ਕੋਈ ਪੇਸ਼ਕਸ਼ ਕਰਨਾ ਚਾਹੁਦੀ ਹੈ। ਕੈਪਟਨ ਨੇ ਮੀਟਿੰਗ ਵਿੱਚ ਅੰਦੋਲਨ ਲੰਬਾ ਚੱਲ਼ਣ ਨਾਲ ਨਿਕਲਣ ਵਾਲੇ ਸਿੱਟਿਆ ਬਾਰੇ ਵੀ ਕੇਂਦਰ ਸਰਕਾਰ ਨੂੰ ਜਾਣੂ ਕਰਵਾਇਆ ਹੈ।
