
ਚੰਡੀਗੜ੍ਹ 01,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੱਖੇ ਲੰਚ ਵਿੱਚ 16 ਮੰਤਰੀਆਂ ਵਿੱਚੋਂ ਸਿਰਫ ਛੇ ਮੰਤਰੀ ਸ਼ਾਮਲ ਹੋਏ। ਲੰਚ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਨਹੀਂ ਪਹੁੰਚੇ। ਮੰਤਰੀਆਂ ਵਿੱਚੋਂ ਰਾਣਾ ਗੁਰਮੀਤ ਸੋਢੀ, ਵਿਜੇਇੰਦਰ ਸਿੰਗਲਾ, ਓਪੀ ਸੋਨੀ, ਭਾਤ ਭੂਸ਼ਨ, ਸੁੰਦਰ ਸ਼ਾਮ ਅਰੋੜਾ ਤੇ ਬ੍ਰਹਮ ਮਹਿੰਦਰਾ ਸ਼ਾਮਲ ਸਨ। ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਪਹੁੰਚੇ ਸੀ। ਕੈਪਟਨ ਨੇ ਕਾਂਗਰਸੀ ਲੀਡਰਾਂ ਨੂੰ ਸ਼ਾਂਤ ਕਰਨ ਤੇ ਹੋਰ ਵਿਚਾਰ-ਵਟਾਂਦਰਾ ਕਰਨ ਲਈ ਇਹ ਲੰਚ ਰੱਖਿਆ ਸੀ।
ਦੱਸ ਦਈਏ ਕਿ ਕੈਪਟਨ ਨੇ ਕਰੀਬ ਡੇਢ ਦਰਜਨ ਲੀਡਰਾਂ ਨੂੰ ਦੁਪਹਿਰ ਦੇ ਖਾਣੇ ਲਈ ਸੱਦਾ ਦਿੱਤਾ ਸੀ। ਖਾਸ ਤੌਰ ’ਤੇ ਨਰਾਜ਼ ਕਾਂਗਰਸੀ ਲੀਡਰਾਂ ਦਾ ਹੁਣ ਅਮਰਿੰਦਰ ਸਿੰਘ ਗੁੱਸਾ ਠੰਢਾ ਕਰ ਰਹੇ ਹਨ। ਬਹੁਤੇ ਕਾਂਗਰਸੀ ਲੀਡਰਾਂ ਦਾ ਕਹਿਣਾ ਹੈ ਕਿ ਚਾਰ ਵਰ੍ਹਿਆਂ ਮਗਰੋਂ ਮੁੱਖ ਮੰਤਰੀ ਨੇ ਹੁਣ ਆਪਣੇ ਦਰਵਾਜ਼ੇ ਖੋਲ੍ਹੇ ਹਨ।
ਪੰਜਾਬ ਕਾਂਗਰਸ ’ਚ ਬਗਾਵਤ ਉੱਠਣ ਮਗਰੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਇਕਾਂ ਤੇ ਵਜ਼ੀਰਾਂ ਪ੍ਰਤੀ ਮੋਹ ਦਿਖਾਉਣਾ ਸ਼ੁਰੂ ਕੀਤਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਬੁੱਧਵਾਰ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਆਪਣੇ ਪੁੱਤਰ ਅਰਜਨ ਪ੍ਰਤਾਪ ਸਿੰਘ ਬਾਜਵਾ ਸਮੇਤ ਲੰਚ ਕੀਤਾ ਸੀ। ਨੌਕਰੀ ਤਿਆਗਣ ਮਗਰੋਂ ਅਰਜਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ।
