ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦਾ ਪ੍ਰਭਾਵ ਵਧਦਾ ਦੇਖ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਝਾਅ ਤੋਂ ਬਾਅਦ ਸਾਰੇ ਕੈਬਨਿਟ ਮੰਤਰੀਆਂ ਨੇ ਵੱਡਾ ਫੈਸਲਾ ਲਿਆ ਹੈ। ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਆਪਣੀ ਇੱਕ-ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ‘ਚ ਦਾਨ ਕਰਨ ਲਈ ਸਹਿਮਤੀ ਜਤਾਈ ਹੈ।
ਇਸ ਬਾਰੇ ਦੱਸਦਿਆਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਹ ਇੱਕ ਚੰਗਾ ਸੰਕੇਤ ਹੈ ਕਿ ਪੰਜਾਬ ਦੇ ਮੰਤਰੀਆਂ ਨੇ ਕੋਰੋਨਾਵਾਇਰਸ ਖ਼ਿਲਾਫ਼ ਆਪਣੀ ਲੜਾਈ ‘ਚ ਸੂਬੇ ਦੇ ਲੋਕਾਂ ਨਾਲ ਇੱਕਜੁਟਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਡਾਕਟਰੀ ਤੇ ਹੋਰਨਾਂ ਜ਼ਰੂਰੀ ਸੇਵਾਵਾਂ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ।
ਡਾਕਟਰਾਂ, ਸਿਹਤ ਕਰਮਚਾਰੀਆਂ, ਪੁਲਿਸ ਕਰਮੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮੁਸ਼ਕਲ ਦੀ ਘੜੀ ਤੋਂ ਨਿਜਾਤ ਪਾਉਣ ਲਈ ਜ਼ਮੀਨੀ ਪੱਧਰ ‘ਤੇ ਕੰਮ ਜਾਰੀ ਹੈ। ਕੈਪਟਨ ਵੱਲੋਂ ਬ੍ਰਹਮ ਮਹਿੰਦਰਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ਕਿ ਉਹ ਸਾਰੇ ਮੰਤਰੀਆਂ ਨਾਲ ਗੱਲਬਾਤ ਕਰਨ ਤੇ ਮੁੱਖ ਮੰਤਰੀ ਰਾਹਤ ਫੰਡ ‘ਚ ਉਨ੍ਹਾਂ ਦੀ ਇੱਕ-ਇੱਕ ਮਹੀਨੇ ਦੀ ਤਨਖ਼ਾਹ ਦਾਨ ਕਰਨ ਦੀ ਮਨਜ਼ੂਰੀ ਲੈਣ। ਸਾਰੇ ਮੰਤਰੀਆਂ ਵਲੋਂ ਇਸ ‘ਤੇ ਸਹਿਮਤੀ ਜਤਾਈ ਗਈ ਹੈ।