
ਚੰਡੀਗੜ੍ਹ 05,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਕਿਸਾਨ ਅੰਦੋਲਨ ਕਰਕੇ ਸਿਆਸਤ ਦੇ ਹਾਸ਼ੀਏ ‘ਤੇ ਚੱਲ ਰਹੀ ਬੀਜੇਪੀ ਨੇ ਅੱਜ ਕੈਪਟਨ ਸਰਕਾਰ ਖਿਲਾਫ ਐਕਸ਼ਨ ਕੀਤਾ। ਭਾਰਤੀ ਯੁਵਾ ਮੋਰਚਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ।
ਇਸ ਮੌਕੇ ਪੁਲਿਸ ਨੇ ਬੀਜੇਪੀ ਵਰਕਰਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਪੁਲਿਸ ਨੇ ਸੈਕਟਰ 17 ਵਿੱਚ ਬੈਰੀਕੇਡ ਲਾ ਕੇ ਬੀਜੇਪੀ ਵਰਕਰਾਂ ਨੂੰ ਰੋਕਿਆ।
ਦੱਸ ਦਈਏ ਕਿ ਭਾਰਤੀ ਯੁਵਾ ਮੋਰਚਾ ਵੱਲੋਂ ਨਸ਼ਿਆਂ ਦੇ ਮੁੱਦੇ ‘ਤੇ ਕੈਪਟਨ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਬੀਜੇਪੀ ਵਰਕਰਾਂ ਨੇ ਚੰਡੀਗੜ੍ਹ ਦੇ ਸੈਕਟਰ 17 ਤੋਂ ਮਾਰਚ ਸ਼ੁਰੂ ਕੀਤਾ ਜਿੱਥੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ।
ਬੀਜੇਪੀ ਵਰਕਰਾਂ ਨੇ ਕਿਹਾ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ ਕਿ ਛੇ ਮਹੀਨਿਆਂ ਵਿੱਚ ਨਸ਼ਿਆਂ ਨੂੰ ਖਤਮ ਕਰ ਦੇਣਗੇ। ਅੱਜ ਸਾਢੇ ਚਾਰ ਸਾਲ ਹੋਣ ਦੇ ਬਾਵਜੂਦ ਅਜੇ ਤਕ ਕੋਈ ਵਾਅਦਾ ਪੂਰਾ ਨਹੀਂ ਕੀਤਾ।
