ਕੈਪਟਨ ਦਾ ਨਵਾਂ ਦਾਅ, ਕਸੂਤੇ ਘਿਰੇ ਸੁਖਬੀਰ ਬਾਦਲ ਤੇ ਭਗਵੰਤ ਮਾਨ, ਇੱਕ ਪਾਸੇ ਖੂਹ ਤੇ ਦੂਜੇ ਪਾਸੇ ਖਾਈ

0
232

ਚੰਡੀਗੜ੍ਹ 30 ਅਕਤੂਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਾਂ ਦਾਅ ਖੇਡਿਆ ਹੈ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਕਸੂਤੇ ਘਿਰ ਗਏ ਹਨ। ਦੋਵੇਂ ਮੁੱਖ ਵਿਰੋਧੀ ਧਿਰਾਂ ਕੈਪਟਨ ਵੱਲੋਂ ਲਿਆਂਦੇ ਖੇਤੀ ਬਿੱਲਾਂ ਦੀ ਪਹਿਲਾਂ ਹਮਾਇਤ ਕਰਕੇ ਹੁਣ ਵਿਰੋਧ ਕਰ ਰਹੀਆਂ ਹਨ। ਅਜਿਹੇ ਵਿੱਚ ਕੈਪਟਨ ਨਵਾਂ ਸਿਆਸੀ ਪੈਂਤੜਾ ਖੇਡਿਆ ਹੈ।

ਦਰਅਸਲ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿਧਾਨ ਸਭਾ ‘ਚ ਪਾਸ ਬਿੱਲਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4 ਨਵੰਬਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਰਾਸ਼ਟਰਪਤੀ ਕੋਲ ਚੱਲਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ‘ਚ ਪਾਸ ਕੀਤੇ ਬਿੱਲਾਂ ਦੀ ਕਾਪੀ ਉਸੇ ਦਿਨ ਕੈਪਟਨ ਸਰਕਾਰ ਨੇ ਰਾਜਪਾਲ ਨੂੰ ਸੌਂਪ ਦਿੱਤੀ ਸੀ।

ਵਿਰੋਧ ਧਿਰਾਂ ਨੇ ਪਹਿਲਾਂ ਬਿੱਲਾਂ ਨੂੰ ਹਮਾਇਤ ਦਿੱਤੀ ਤੇ ਫਿਰ ਯੂ-ਟਰਨ ਲੈਂਦਿਆਂ ਬਿੱਲਾਂ ਉੱਪਰ ਸਵਾਲ ਉੱਠਾ ਦਿੱਤੇ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਲੀਡਰ ਇਲਜ਼ਾਮ ਲਾ ਰਹੇ ਹਨ ਕਿ ਕੈਪਟਨ ਕੇਂਦਰ ਸਰਕਾਰ ਦੇ ਇਸ਼ਾਰੇ ਉੱਪਰ ਹੀ ਬਿੱਲ ਲੈ ਕੇ ਆਏ ਹਨ। ਵਿਰੋਧੀ ਧਿਰਾਂ ਕੈਪਟਨ ਸਰਕਾਰ ਨੂੰ ਇਸ ਗੱਲ ‘ਤੇ ਵੀ ਘੇਰ ਰਹੀਆਂ ਸੀ ਕਿ ਕੀ ਰਾਜਪਾਲ ਤੇ ਰਾਸ਼ਟਰਪਤੀ ਇਨ੍ਹਾਂ ਬਿੱਲਾਂ ਨੂੰ ਮਨਜ਼ੂਰੀ ਦੇਣਗੇ ਜਾਂ ਨਹੀਂ।

ਹੁਣ ਕੈਪਟਨ ਨੇ ਵਿਰੋਧੀ ਧਿਰਾਂ ਨੂੰ ਨਾਲ ਚੱਲਣ ਦੀ ਗੱਲ ਕਹਿ ਕੇ ਘੇਰ ਲਿਆ ਹੈ। ਹੁਣ ਵਿਰੋਧੀ ਧਿਰਾਂ ਲਈ ਹਾਲਾਤ ਇੱਕ ਪਾਸੇ ਖੂਹ ਤੇ ਦੂਜੇ ਪਾਸ ਖਾਈ ਵਾਲੇ ਹਨ। ਜੇਕਰ ਹੁਣ ਐਸੀ ਹਾਲਤ ‘ਚ ਵਿਰੋਧੀ ਧਿਰਾਂ ਕੈਪਟਨ ਦੇ ਨਾਲ ਨਹੀਂ ਤੁਰਦੀਆਂ ਤਾਂ ਕਿਸਾਨ ਉਨ੍ਹਾਂ ਦੇ ਖਿਲਾਫ ਹੋ ਸਕਦੇ ਹਨ। ਦੂਜੇ ਪਾਸੇ ਜੇ ਨਾਲ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਵਿਰੋਧ ਉੱਪਰ ਸਵਾਲ ਉੱਠਣਗੇ।

LEAVE A REPLY

Please enter your comment!
Please enter your name here